ਕੁਰਾਲੀ 6 ਅਪ੍ਰੈਲ (ਜਗਦੇਵ ਸਿੰਘ)
ਬੀਤੇ ਦਿਨੀਂ ਮੋਹਾਲੀ ਦੀ ਮਾਣਯੋਗ ਕੋਰਟ ਵੱਲੋਂ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਫੈਸਲੇ ਦੀ ਸਲਾਘਾ ਕਰਦਿਆਂ ਬੈਨੀਪਾਲ ਗਰੁੱਪ ਦੇ ਸਰਪ੍ਰਸਤ ਦਲਵਿੰਦਰ ਸਿੰਘ ਬੈਨੀਪਾਲ ਨੇ ਲੋਕਾਂ ਨੂੰ ਅਜਿਹੇ ਪਾਖੰਡੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨਾਂ ਕਿਹਾ ਕਿ ਇਸ ਬਲਾਤਕਾਰੀ ਪਾਸਟਰ ਦੀਆਂ ਬਲਾਕ ਮਾਜਰੀ ਤੇ ਓਮੈਕਸ ਵਿਚ ਵੱਡੀਆਂ ਕੋਠੀਆਂ ਹਨ। ਇਸ ਤੋਂ ਇਲਾਵਾ ਅਨੇਕਾਂ ਹੀ ਕਾਰਾਂ, ਵੱਡੀਆਂ ਗੱਡੀਆਂ ਤੇ ਪੈਟ੍ਰੋਲ ਪੰਪ ਵੀ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਜਾਇਦਾਦਾਂ ਇਸ ਪਾਸਟਰ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਇਲਾਜ ਦੇ ਨਾਂ ਤੇ ਗੁੰਮਰਾਹ ਕਰਕੇ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਵੱਲੋਂ ਬਣਾਈ ਸਾਰੀ ਜਾਇਦਾਦ ਦੀ ਉਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਇਸ ਬਲਾਤਕਾਰੀ ਸਾਧ ਦੀ ਅਸਲੀਅਤ ਲੋਕਾਂ ਸਾਹਮਣੇ ਆਵੇ ਅਤੇ ਇਸ ਦੇ ਵਿਛਾਏ ਜਾਲ ਵਿੱਚ ਹੋਰ ਬੇਕਸੂਰ ਤੇ ਭੋਲੇ ਭਾਲੇ ਲੋਕ ਫਸਣ ਤੋਂ ਬਚ ਸਕਣ।ਇਸ ਤੋਂ ਇਲਾਵਾ ਇਸ ਵੱਲੋਂ ਜਿਹੜੀਆਂ ਘਟਨਾਵਾਂ ਨਿਊ ਚੰਡੀਗੜ੍ਹ ਇਲਾਕੇ ਵਿੱਚ ਕੀਤੀਆਂ ਗਈਆਂ ਹਨ, ਉਨ੍ਹਾਂ ਸਬੰਧੀ ਵੀ ਪੁੱਛ ਗਿੱਛ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਲੋਕਾਂ ਨੂੰ ਵੀ ਇਨਸਾਫ਼ ਮਿਲੇ, ਜਿਹੜੇ ਪਿਛਲੇ ਸਮੇਂ ਦੌਰਾਨ ਇਸ ਦੇ ਅੱਤਿਆਚਾਰ ਦਾ ਸ਼ਿਕਾਰ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਵੱਲੋਂ ਪਿਛਲੇ ਸਾਲਾਂ ਵਿਚ ਬੂਥਗੜ੍ਹ ਦੇ ਇੱਕ ਕਿਸਾਨ ਨਾਲ ਉਸ ਵੇਲੇ ਮਾਰਕੁਟਾਈ ਕੀਤੀ ਗਈ ਸੀ, ਜਦੋਂ ਉਹ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਨੂੰ ਕੱਟ ਰਿਹਾ ਸੀ। ਇਸ ਤੋਂ ਇਲਾਵਾ ਉਸ ਕਿਸਾਨ ਦੇ ਹੱਕ ਵਿੱਚ ਆਏ ਕਿਸਾਨ ਆਗੂਆਂ ਅਤੇ ਆਮ ਲੋਕਾਂ ਦੇ ਨਾਲ ਨਾਲ ਪੱਤਰਕਾਰਾਂ ‘ਤੇ ਵੀ ਹਮਲਾ ਕੀਤਾ ਗਿਆ ਸੀ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਜਗਦੀਸ਼ ਸਿੰਘ ਦੀਸਾ, ਮੇਵਾ ਸਿੰਘ ਖਿਜ਼ਰਾਬਾਦ, ਹਰਨੇਕ ਸਿੰਘ ਬੜੌਦੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।