ਕੁਰਾਲੀ 11 ਅਗਸਤ(ਜਗਦੇਵ ਸਿੰਘ)
ਨੇੜਲੇ ਪਿੰਡ ਮੁੰਧੋਂ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਪੀਂਘ ਦਾ ਅਨੰਦ ਲਿਆ ਅਤੇ ਗਿੱਧੇ ਦੀਆਂ ਰੌਣਕਾਂ ਲਗਾਈਆਂ।
ਪ੍ਰਿੰਸੀਪਲ ਬੰਦਨਾ ਪੁਰੀ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੌਰਾਨ ਲੈਕਚਰਾਰ ਪਰਮਜੀਤ ਕੌਰ ਨੇ ਵਿਦਿਆਥੀਆਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ ਜਦਕਿ ਹਿੰਦੀ ਅਧਿਆਪਕਾ ਸੋਨੀਆ ਰਾਣੀ ਨੇ ਸਭਨਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜਨ ਅਤੇ ਵਿਰਸੇ ਨੂੰ ਸੰਭਾਲਣ ਦਾ ਸੱਦਾ ਦਿੱਤਾ। ਇਸੇ ਦੌਰਾਨ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੇ ਚਰਖੇ,ਚੱਕੀ ਅਤੇ ਪੀਂਘ ਆਦਿ ਨੂੰ ਸਜ਼ਾ ਕੇ ਵਿਦਿਆਰਥੀਆਂ ਲਈ ਪ੍ਰਦਰਸ਼ਿਤ ਕੀਤਾ ਗਿਆ। ਇਸੇ ਸਬੰਧ ਵਿੱਚ ਵਿਦਿਆਰਥਣਾਂ ਨੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਦਕਿ ਅੰਤ ਵਿੱਚ ਵਿਦਿਆਰਥਣਾਂ ਤੇ ਅਧਿਆਪਕਾਵਾਂ ਨੇ ਰਲ਼ ਕੇ ਗਿੱਧਾ ਪਾਉਂਦਿਆਂ ਧਮਾਲਾਂ ਪਾਈਆਂ। ਉਨ੍ਹਾਂ ਪੀਂਘ ਦੇ ਝੂਟਿਆਂ ਦਾ ਅਨੰਦ ਵੀ ਲਿਆ। ਪ੍ਰਿੰਸੀਪਲ ਬੰਦਨਾ ਪੁਰੀ ਨੇ ਅਜੋਕੇ ਯੁੱਗ ਵਿੱਚ ਅਲੋਪ ਹੋ ਰਹੇ ਸੱਭਿਆਚਾਰ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਅਮੀਰ ਵਿਰਸੇ ਨੂੰ ਸੰਭਾਲਣਾ ਸਮੇਂ ਦੀ ਵੱਡੀ ਲੋੜ ਅਤੇ ਸਭਨਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਵਿਦਿਆਰਥਣਾਂ ਵਲੋਂ ਪੇਸ਼ ਕੀਤੇ ਰੰਗਾਰੰਗ ਪ੍ਰੋਗਰਾਮ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
















