ਨਿਊ ਚੰਡੀਗੜ੍ਹ 04 ਅਗਸਤ(ਸਤਨਾਮ ਸਿਸਵਾਂ)

ਸਥਾਨਕ ਪੁਲਿਸ ਨੇ ਸ਼ਿਵਾਲਿਕ ਪਹਾੜੀਆਂ ਦੇ ਪਿੰਡ ਮਾਜਰੀਆਂ ਦੇ ਇੱਕ ਜ਼ਮੀਨੀ ਮਾਮਲੇ ਵਿੱਚ ਮਨਦੀਪ ਕੌਰ ਨਾਂ ਦੀ ਮਹਿਲਾ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ। ਔਰਤ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਲੱਖਾਂ ਰੁਪਏ ਦੀ ਠੱਗੀ ਵਿਰੁੱਧ ਨਰਿੰਦਰ ਪਾਲ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਪੱਤਰ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਸੀ। ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਨੇ ਨਰਿੰਦਰ ਪਾਲ ਸਿੰਘ ਦੀ ਸ਼ਿਕਾਇਤ ਦੇ ਸਬੰਧ ਵਿੱਚ ਜਾਂਚ ਪੜਤਾਲ ਆਰੰਭੀ ਤੇ ਇਹ ਗੱਲ ਸਾਹਮਣੇ ਆਈ ਕਿ ਮਨਦੀਪ ਕੌਰ ਵਾਸੀ ਖਰੋਟਾ (ਰੂਪਨਗਰ) ਵੱਲੋਂ ਆਪਣੇ ਸਾਥੀਆਂ ਸਮੇਤ ਮਿਲ ਕੇ ਉਸ ਨੂੰ ਪਿੰਡ ਮਾਜਰੀਆਂ ਵਿਖੇ ਪੰਜ ਏਕੜ ਜ਼ਮੀਨ ਵੇਚੀ ਗਈ ਸੀ। ਜਿਸ ਦਾ ਉਸ ਨੂੰ 27,00,000 ਰੁਪਏ ਬਿਆਨਾ ਦਿੱਤਾ ਗਿਆ ਸੀ, ਪਰ ਉਹ ਕਾਫੀ ਸਮੇਂ ਤੋਂ ਰਜਿਸਟਰੀ ਕਰਵਾਉਣ ਲਈ ਟਾਲ ਮਟੋਲ ਕਰਦੀ ਆ ਰਹੀ ਹੈ। 10 ਕਨਾਲ ਜ਼ਮੀਨ ‘ਤੇ ਸਟੇਅ ਲੱਗੀ ਹੋਈ ਹੈ। ਜਦੋਂ ਕਿ ਇਕਰਾਰਨਾਮੇ ਦੀ ਕਾਰਵਾਈ ਦੌਰਾਨ ਇਹ ਪਰਦਾ ਰੱਖਿਆ ਗਿਆ ਕਿ ਇਸ ਜ਼ਮੀਨ ‘ਤੇ ਕੋਈ ਕੋਰਟ ਕੇਸ ਨਹੀਂ ਹੈ। ਇਸ ਮਹਿਲਾ ਨੇ ਇਸ ਦੇ ਬਾਵਜੂਦ ਵੀ ਰਿਸ਼ਤੇਦਾਰਾਂ ਨਾਲ ਮਿਲੀਭੁਗਤ ਕਰਕੇ ਬਲਦੇਵ ਸਿੰਘ ਵਾ ਨਿਰਮਲ ਸਿੰਘ ਵਾਸੀ ਜੈਅੰਤੀ ਮਾਜਰੀ ਦੇ ਹੱਕ ਵਿੱਚ ਰਜਿਸਟਰੀ ਕਰਵਾ ਦਿੱਤੀ। ਇਹ ਹੀ ਨਹੀਂ ਇਨ੍ਹਾਂ ਵਿਅਕਤੀਆਂ ਨੇ ਇੱਕ ਬਿਆਨਾ ਤਰਸੇਮ ਲਾਲ ਪੁੱਤਰ ਧਰਮਪਾਲ ਨਾਲ 15 ਲੱਖ ਰੁਪਏ ਲੈ ਕੇ ਕੀਤਾ ਹੋਇਆ ਹੈ ਅਤੇ ਕੁਝ ਰਕਬਾ ਸ਼ਾਮ ਲਾਲ ਪੁੱਤਰ ਕਾਲੂਰਾਮ ਵਾਸੀ ਗੁੜਾ ਤੋਂ 17 ਲੱਖ ਰੁਪਏ ਬਿਆਨਾ ਰਕਮ ਲਈ ਹੋਈ ਹੈ। ਪੁਲਿਸ ਨੇ ਕਥਿਤ ਦੋਸ਼ੀ ਮਨਦੀਪ ਕੌਰ ਖਿਲਾਫ ਧਾਰਾ 406, 420 ਆਈ ਪੀ ਸੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਸ਼ੇਅਰ