ਖਰੜ 4 ਅਗਸਤ (ਜਗਦੇਵ ਸਿੰਘ)
ਖਰੜ ਵਿਖੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਡਾ. ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿੱਚ ਭਾਜਪਾ ਮਹਿਲਾ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਥਾਨਕ ਮਹਿਲਾਵਾਂ ਨੇ ਹਿੱਸਾ ਲਿਆ। ਇਸ ਮੌਕੇ ਡਾ ਸੁਭਾਸ਼ ਸ਼ਰਮਾ ਨੇ ਮਹਿਲਾਵਾਂ ਨੂੰ ਤੀਆਂ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀ ਸੱਭਿਆਚਾਰਕ ਅਮੀਰੀ ਵਿੱਚ ਤੀਆਂ ਤੇ ਹੋਰ ਵਿਰਾਸਤੀ ਤਿਉਹਾਰਾਂ ਦੀ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਤਿਉਹਾਰ ਸਾਡੀ ਆਪਸੀ ਸਾਂਝ ਨੂੰ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਸਾਰੇ ਪੂਰੇ ਜੋਸ਼ੋ ਖਰੋਸ਼ ਨਾਲ ਤੀਆਂ ਮਨਾ ਰਹੇ ਹਨ। ਡਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਬੜੀ ਹੀ ਭਾਗਾਂ ਵਾਲੀ ਹੈ ਜਿੱਥੇ ਹਰ ਸਾਲ ਬਹੁਤ ਸਾਰੇ ਤਿਓਹਾਰ ਤੇ ਮੇਲੇ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਇਹ ਤਿਓਹਾਰ ਤੇ ਮੇਲੇ ਅਮੀਰ ਪੰਜਾਬੀ ਵਿਰਸੇ ਦੀ ਪਹਿਚਾਣ ਹਨ। ਸਾਨੂੰ ਸਾਰੇ ਹੀ ਤਿਓਹਾਰ ਤੇ ਮੇਲੇ ਰਲਮਿਲ ਕੇ ਮਨਾਉਂਦੇ ਚਾਹੀਦੇ ਹਨ ਤਾਂ ਜੋ ਸਾਡਾ ਆਪਸੀ ਭਾਈਚਾਰਾ ਮਜਬੂਤ ਬਣਿਆ ਰਹੇ। ਸ਼ੁਭਾਸ ਸ਼ਰਮਾ ਨੇ ਕਿਹਾ ਕਿ ਮਹਿਲਾ ਸਸਕਤੀਕਰਨ ਨਾਲ ਹੀ ਭਾਰਤ ਵਿਸ਼ਵ ਸ਼ਕਤੀ ਬਣੇਗਾ ,ਉਹਨਾਂ ਕਿਹਾ ਕਿ ਉਹ ਮਹਿਲਾਵਾਂ ਲਈ ਕੇਦਰ ਦੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਆਨੰਦਪੁਰ ਲੋਕ ਸਭਾ ਹਲਕੇ ਦੀਆਂ ਮਹਿਲਾਵਾਂ ਤੱਕ ਪਹੁੰਚਾਉਣਗੇ ।
ਉਨ੍ਹਾਂ ਦੱਸਿਆ ਕਿ ਮਹਿਲਾਵਾਂ ਵਲੋਂ ਲੋਕਸਭਾ ਚੋਣਾਂ ਦੌਰਾਨ ਮੇਰੇ ਹੱਕ ਵਿੱਚ ਡੱਟਕੇ ਦਿਤੇ ਗਏ ਸਾਥ ਦਾ ਮੈਂ ਪੂਰੀ ਉਮਰ ਰਿਣੀ ਰਹਾਂਗਾ ਅਤੇ ਉਨ੍ਹਾਂ ਦੀ ਇਸੇ ਸਾਥ ਬਦੋਲਤ ਮੈਨੂੰ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਸੇਵਾ ਕਰਨ ਦੀ ਤਾਕਤ ਮਿਲਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮਹਿਲਾਵਾਂ ਦੀ ਭਲਾਈ ਲਈ ਵੱਡੀਆਂ ਅਤੇ ਸਫ਼ਲ ਯੋਜਨਾਵਾਂ ਬਣਾਈਆਂ ਹਨ।
ਇਸ ਦੌਰਾਨ ਔਰਤਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਾ ਕੇ ਸਮਾਗਮ ਵਿਚ ਸ਼ਿਰਕਤ ਕੀਤੀ। ਸਾਉਣ ਦੀਆਂ ਪੀਂਘਾ ਪਾਈਆਂ ਗਈਆਂ। ਮੁਟਿਆਰਾਂ ਨੇ ਗਿੱਧਾ ਤੇ ਕਿਕਲੀ ਤੋਂ ਇਲਾਵਾ ਰਵਾਇਤੀ ਬੋਲੀਆਂ ਪਾਈਆਂ। ਚਰਖਾ ਕੱਤਣਾ, ਮਧਾਣੀ ਫੇਰਨਾ, ਫੁਲਕਾਰੀ ਕੱਢਣਾ ਆਦਿ ਇਸ ਸਮਾਗਮ ਦੀ ਖਿੱਚ ਦੇ ਮੁੱਖ ਕੇਂਦਰ ਸਨ। ਕੋਰੀਓਗ੍ਰਾਫੀ ਰਾਹੀਂ ਛੋਟੇ ਬੱਚਿਆਂ ਨੇ ਮਨ ਪ੍ਰਚਾਵਾ ਕੀਤਾ। ਇਸ ਮੌਕੇ ਪੰਜਾਬ ਦੇ ਰਵਾਇਤੀ ਪਕਵਾਨ ਵੀ ਪਰੋਸੇ ਗਏ।ਇਸ ਮੋਕੇ ਤੇ ਜਿਲਾ ਪ੍ਰਧਾਨ ਸੰਜੀਵ ਵਸ਼ਿਸਟ ,ਸੁਖਵਿੰਦਰ ਸਿੰਘ ਗੋਲਡੀ ,ਮਿੱਲੀ ਗਰਗ,ਜਤਿੰਦਰ ਅਟਵਾਲ ,ਪਰਮਿੰਦਰ ਸ਼ਰਮਾ ,ਰਾਜਵਿੰਦਰ ਲੱਕੀ ,ਦਰਸ਼ਨ ਸਿਵਜੋਤ ,ਰਮਨ ਸ਼ੈਲੀ ,ਰਾਖੀ ਪਾਠਕ ,ਜਸਮਿੰਦਰ ਪਾਲ ਸਿੰਘ ,ਅਨਿਲ ਗੁੱਡੂ ,ਗੁਰਚਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਸਾਮਲ ਸਨ।