ਚੰਡੀਗੜ੍ਹ 03 ਅਗਸਤ (ਹਰਬੰਸ ਸਿੰਘ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਓਲੰਪਿਕ ਖੇਡਾਂ ਵਾਸਤੇ ਪੈਰਿਸ ਜਾਣ ਦੀ ਇਜਾਜ਼ਤ ਨਾ ਦੇਣਾ, ਜਿੱਥੇ ਮੰਦਭਾਗਾ ਹੈ, ਉਥੇ ਕੇਂਦਰ ਸਰਕਾਰ ਦਾ ਇਹ ਆਪਾ ਵਿਰੋਧੀ ਕਦਮ ਵੀ ਹੈ। ਕਿਉਂਕਿ ਮੁੱਖ ਮੰਤਰੀ ਪੰਜਾਬ ਦਾ ਪੈਰਿਸ ਜਾਣਾ ਇਸ ਗੱਲੋਂ ਵਿਸ਼ੇਸ਼ ਸੀ ਕਿ ਭਾਰਤੀ ਟੀਮ ਵਿੱਚ ਬਹੁ ਗਿਣਤੀ ਖਿਡਾਰੀ ਪੰਜਾਬੀ ਹਨ ਅਤੇ ਉਹਨਾਂ ਦੀ ਬੇਹਤਰ ਕਾਰਗੁਜ਼ਾਰੀ ਨੂੰ ਹੌਸਲਾ ਫਜਾਈ ਦੇਣਾ ਅਤੇ ਸ਼ਾਬਾਸ਼ ਦੇ ਸ਼ਬਦ ਕਹਿਣੇ ਮੁੱਖ ਮੰਤਰੀ ਦਾ ਦੇਸ਼ ਪ੍ਰਸਤੀ ਪ੍ਰਤੀ ਪਿਆਰ ਝਲਕਦਾ ਸੀ। ਇਹ ਬੜੇ ਹੀ ਵਡੰਮਣੇ ਦੀ ਗੱਲ ਹੈ ਕਿ ਪੈਰਿਸ ਚੋਂ ਵੱਡੀ ਜਿੱਤ, ਗੋਲਡ ਮੈਡਲ ਪੰਜਾਬ ਵਾਸਤੇ ਨਹੀਂ ਸਮੁੱਚੇ ਭਾਰਤੀਆਂ ਵਾਸਤੇ ਹੋਵੇਗਾ ਇਤਿਹਾਸ ਸਿਰਜੇਗਾ। ਇਸ ਕੌਮੀ ਜਿੱਤ ਵਿੱਚ ਆਪਣਾ ਸ਼ਬਦੀ ਅਤੇ ਹੌਸਲਾ-ਮਈ ਯੋਗਦਾਨ ਪਾਉਣ ਵਾਸਤੇ ਮੁੱਖ ਮੰਤਰੀ ਪੰਜਾਬ ਨੂੰ ਜਾਣ ਦੀ ਪ੍ਰਵਾਨਗੀ ਨਾ ਦੇਣਾ, ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਗੋਲਡ ਮੈਡਲ ਦਾ ਚਾਅ ਨਹੀਂ, ਸਗੋਂ ਇਸ ਗੱਲ ਦਾ ਖਦਸ਼ਾ ਹੈ ਕਿ ਕੌਮੀ ਪੱਧਰ ਤੇ ਆਮ ਆਦਮੀ ਪਾਰਟੀ ਦਾ ਕੌਮੀ ਆਗੂ ਅਤੇ ਮੁੱਖ ਮੰਤਰੀ ਪੰਜਾਬ ਵੱਧ ਪ੍ਰਸਿੱਧੀ ਹਾਸਲ ਨਾ ਕਰ ਲਵੇ ।ਅਜਿਹਾ ਵਿਰੋਧਾਭਾਸੀ ਵਤੀਰਾ ਜਿੱਥੇ ਦੇਸ਼ ਵਾਸਤੇ ਦੁਖਦਾਈ ਹੈ ਉਥੇ ਭਾਰਤੀ ਖਿਡਾਰੀਆਂ ਨੂੰ ਵੀ ਇਸ ਗੱਲੋਂ ਵਾਂਝੇ ਰੱਖ ਦਿੱਤਾ ਹੈ, ਕਿ ਸੂਬੇ ਦਾ ਮੁੱਖ ਮੰਤਰੀ ਉਹਨਾਂ ਦੇ ਸਨਮੁੱਖ ਨਹੀਂ ਹੋ ਰਿਹਾ। ਜਦੋਂ ਕਿ ਮੁੱਖ ਮੰਤਰੀ ਨਾਲ ਉਹਨਾਂ ਦਾ ਪਰਿਵਾਰ ਅਤੇ ਪੰਜਾਬ ਸਰਕਾਰ ਦੇ ਆਲਾ ਅਫਸਰ ਵੀ ਨਾਲ ਸਨ।
ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਆਗੂ ਗੁਰਮੇਲ ਸਿੰਘ ਸਿੱਧੂ, ਬਚਿੱਤਰ ਸਿੰਘ, ਖੁਸ਼ਵਿੰਦਰ ਸਿੰਘ ਕਪਲਾ , ਡਾ਼ ਅਪਨਿੰਦਰ ਸਿੰਘ, ਰਣਜੀਤ ਸਿੰਘ ਢਿੱਲੋਂ,ਹਰਪਾਲ ਸਿੰਘ ਖਾਲਸਾ ਅਤੇ ਦਰਸ਼ਨ ਸਿੰਘ ਪਤਲੀ ਨੇ ਕੀਤਾ।
ਸ੍ਰ. ਸਿੱਧੂ ਨੇ ਮੁੜ ਦੁਹਰਾਇਆ ਕਿ ਖੇਡਾਂ ਨਾਲ ਜਿੱਥੇ ਆਪਸੀ ਭਾਈਚਾਰੇ ਦੀ, ਸੰਸਾਰ ਪੱਧਰ ਤੇ ਸਾਂਝ ਪੈਂਦੀ ਹੈ ਉਥੇ” ਖੇਲੋ ਇੰਡੀਆ” ਵਰਗੇ ਮਿਸ਼ਨ ਦੀ ਸਾਰਥਕਤਾ ਸਿੱਧ ਹੁੰਦੀ ਹੈ।ਪਰੰਤੂ ਖੇਡਾਂ ਵਰਗੇ ਪਵਿੱਤਰ ਕਾਜ ਵਾਸਤੇ ਵੀ ਰਾਜਸੀ ਤਿੜਕਮਬਾਜ਼ੀਆਂ ਖੇਡਣਾ, ਸਾਡੇ ਸੰਵਿਧਾਨ ਅਤੇ ਦੇਸ਼ ਦੀ ਮਾਣ ਨੂੰ ਘਟਾਉਂਦੀਆਂ ਹਨ। ਉਹਨਾਂ ਮੁੱਖ ਮੰਤਰੀ ਪੰਜਾਬ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਦੋਂ ਵੀ ਭਾਰਤੀ ਟੀਮ ਜਿੱਤ ਪ੍ਰਾਪਤ ਕਰਕੇ ਭਾਰਤ ਪ੍ਰਵੇਸ਼ ਕਰੇ ਤਾਂ ਉਹਨਾਂ ਦਾ ਪੰਜਾਬ ਵੱਲੋਂ ਵੱਡਾ ਵਿਸ਼ੇਸ਼ ਸਨਮਾਨ ਹੋਣਾ ਚਾਹੀਦਾ ਹੈ।