ਮੁੱਲਾਂਪੁਰ ਗਰੀਬਦਾਸ, 6 ਅਪ੍ਰੈਲ (ਜਗਦੇਵ ਸਿੰਘ)     

ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਅਧੀਨ ਵਿਕਸਿਤ ਹੋ ਰਹੇ ਸ਼ਹਿਰ ਨਿਊ ਚੰਡੀਗੜ੍ਹ ਦੀਆਂ ਸਮਸਿਆਵਾਂ ਵਲ ਸਰਕਾਰ ਬਿਲਕੁੱਲ ਧਿਆਨ ਨਹੀਂ ਦੇ ਰਹੀ, ਦਿਨੋ ਦਿਨ ਵੱਧਦੀ ਵਸੋਂ ਦੇ ਮੱਦੇਨਜ਼ਰ ਇਹ ਸ਼ਹਿਰ ਬਹੁਤ ਸਾਰੀਆਂ ਸਹੂਲਤਾਂ ਤੋਂ ਸੱਖਣਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਯੂਥ ਆਗੂ ਜਗਤਾਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਨਵੇਂ ਵਸੇ ਚੰਡੀਗੜ੍ਹ ਵਿੱਚ ਆਸ ਪਾਸ ਪੈਂਦੀਆਂ ਸਾਰੀਆਂ ਵੱਡੀਆਂ ਸੜਕਾਂ ਦੀਆਂ ਸਟਰੀਟ ਲਾਈਟਾਂ ਕਈ ਵਾਰ ਦਿਨ ਵਿੱਚ ਹੀ ਬਲਦੀਆਂ ਰਹਿੰਦੀਆਂ ਹਨ। ਪਰ ਰਾਤ ਨੂੰ ਸਾਰੀਆਂ ਲਾਈਟਾਂ ਬੰਦ ਰਹਿਣ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਚੁੱਕੇ ਹਨ। ਬੀਤੇ ਦਿਨੀਂ ਬੂਥਗੜ੍ਹ ਨੇੜੇ ਹੋਏ ਸੜਕ ਹਾਦਸਿਆਂ ਦਾ ਕਾਰਨ ਵੀ ਬੰਦ ਪਈਆਂ ਲਾਈਟਾਂ ਨੂੰ ਹੀ ਮੰਨਿਆ ਜਾ ਰਿਹਾ ਹੈ। ਸੜਕਾਂ ਕੰਢੇ ਲਾਈਟਾਂ ਦੇ ਬਾਕਸਿਆਂ ਨੂੰ ਬੰਦ ਵੀ ਨਹੀਂ ਕੀਤਾ ਗਿਆ, ਜਿਸ ਕਾਰਨ ਹਾਦਸਿਆਂ ਦਾ ਖ਼ਦਸ਼ਾ ਹੋਰ ਵੀ ਵਧੇਰੇ ਹੈ। ਜਗਤਾਰ ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਕਈ ਵਾਰ ਗਮਾਡਾ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ, ਪਰ ਅਜੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਜਲਦੀ ਸੜਕਾਂ ਕੰਢਿਆਂ ਦੀਆਂ ਸਟਰੀਟ ਲਾਈਟਾਂ ਨੂੰ ਚਾਲੂ ਕੀਤਾ ਜਾਵੇ ਅਤੇ ਹਾਦਸਿਆਂ ਨੂੰ ਸੱਦਾ ਦਿੰਦੇ ਇਨ੍ਹਾਂ ਬਕਸਿਆਂ ਨੂੰ ਬੰਦ ਕੀਤਾ ਜਾਵੇ।

ਸ਼ੇਅਰ