ਚੰਡੀਗੜ੍ਹ 08  ਅਗਸਤ (ਹਰਬੰਸ ਸਿੰਘ)

ਸੀਨੀਅਰ ਕਾਂਗਰਸੀ ਆਗੂ ਤੇ ਬਲਬੀਰ ਸਿੰਘ ਸਿੱਧੂ ਨੇ ਦੋਸ਼ ਲਾਇਆ ਹੈ ਕਿ ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ਨਗਰ ਨਿਗਮ (ਐਮ.ਸੀ.) ਵਲੋਂ ਖ਼ਰੀਦੀਆਂ ਗਈਆਂ ਨਵੀਆਂ ਸਫ਼ਾਈ ਮਸ਼ੀਨਾਂ ਨਗਰ ਨਿਗਮ ਦਫ਼ਤਰ ਦੀ ਬਜਾਏ ਆਪਣੇ ਪਾਰਟੀ ਦਫ਼ਤਰ ਵਿੱਚ ਖੜੀਆਂ ਕਰ ਲਈਆਂ ਗਈਆਂ ਹਨ ਜਿਸ ਨਾਲ ਸ਼ਹਿਰ ਦੀ ਸਫ਼ਾਈ ਕਾਰਜ ਪ੍ਰਭਾਵਤ ਹੋ ਰਿਹਾ ਹੈ।
ਸ਼੍ਰੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਨੇ ਇਹ ਸਫ਼ਾਈ ਮਸ਼ੀਨਾਂ ਮੋਹਾਲੀ ਸ਼ਹਿਰ ਦੀ ਸਫ਼ਾਈ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਖਰੀਦੀਆਂ ਗਈਆਂ ਹਨ, ਪਰ ਵਿਧਾਇਕ ਕੁਲਵੰਤ ਸਿੰਘ ਨੇ ਸਿਆਸੀ ਲਾਹਾ ਲੈਣ ਲਈ ਮਸ਼ੀਨਾਂ ਅਜੇ ਤੱਕ ਐਮਸੀ ਮੁਹਾਲੀ ਨੂੰ ਨਹੀਂ ਸੌਂਪਣ ਦਿੱਤੀਆਂ। ਉਹਨਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਬਿਨਾਂ ਕੋਈ ਕੋਸ਼ਿਸ਼ ਕੀਤਿਆਂ ਨਗਰ ਨਿਗਮ ਦੇ ਹਰ ਕੰਮ ਦਾ ਸਿਹਰਾ ਆਪਣੇ ਸਿਰ ਉਤੇ ਸਜਾਉਣ ਦੀ ਤਾਕ ਵਿਚ ਰਹਿੰਦੇ ਹਨ ਭਾਵੇਂ ਇਸ ਚੱਕਰ ਵਿਚ ਲੋਕਾਂ ਦਾ ਕਿੰਨ੍ਹਾਂ ਵੀ ਨੁਕਸਾਨ ਕਿਉਂ ਨਾ ਹੋ ਜਾਵੇ। ਉਹਨਾਂ ਹੋਰ ਕਿਹਾ ਕਿ ਜਦੋਂ ਤੱਕ ਇਹ ਮਸ਼ੀਨਾਂ ਨਗਰ ਨਿਗਮ ਕੋਲ ਨਹੀਂ ਆਉਂਦੀਆਂ ਉਸ ਸਮੇਂ ਤੱਕ ਇਹਨਾਂ ਨੂੰ ਕੰਮ ਉਤੇ ਨਹੀਂ ਲਾਇਆ ਜਾ ਸਕਦਾ।
ਸਾਬਕਾ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਲੋਕ ਹਿਤ ਨੂੰ ਵੇਖਦੇ ਹੋਏ ਇਹਨਾਂ ਸਫ਼ਾਈ ਮਸ਼ੀਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਨਗਰ ਨਿਗਮ ਮੁਹਾਲੀ ਦੇ ਦਫ਼ਤਰ ਵਿੱਚ ਭੇਜਿਆ ਜਾਵੇ। ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਲੋਕਾਂ ਦੇ ਪੈਸੇ ਨਾਲ ਖਰੀਦੀਆਂ ਗਈਆਂ ਇਹ ਮਸ਼ੀਨਾਂ ਜਨਤਕ ਜਾਇਦਾਦ ਹਨ ਕਿਸੇ ਇਕ ਵਿਅਕਤੀ ਜਾਂ ਇਕ ਪਾਰਟੀ ਦੀ ਜਾਇਦਾਦ ਨਹੀਂ ਹਨ।
ਸ਼੍ਰੀ ਸਿੱਧੂ ਨੇ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਨੂੰ ਲੋਕਾਂ ਨੂੰ ਇਹ ਵੀ ਦਸਣਾ ਚਾਹੀਦਾ ਹੈ ਕਿ ਉਸ ਨੇ ਇਹ ਮਸ਼ੀਨਾਂ ਆਣੇ ਦਫ਼ਤਰ ਵਿਚ ਕਿਉਂ ਖੜੀਆਂ ਕੀਤੀਆਂ ਹਨ। ਉਹਨਾਂ ਕਿਹਾ, “ਸਿਆਸੀ ਨੇਤਾਵਾਂ ਨੂੰ ਨਿੱਜੀ ਸਿਆਸੀ ਏਜੰਡਿਆਂ ਨਾਲੋਂ ਭਾਈਚਾਰੇ ਦੀ ਭਲਾਈ ਨੂੰ ਪਹਿਲ ਦੇਣੀ ਚਾਹੀਦੀ ਹੈ।

ਸ਼ੇਅਰ