ਕੁਰਾਲੀ. 8 ਅਗਸਤ (ਜਗਦੇਵ ਸਿੰਘ)
ਪਿੰਡ ਰਾਣੀ ਮਾਜਰਾ (ਨਿਊ ਚੰਡੀਗੜ੍ਹ) ਵਿਖੇ ਪਿੰਡ ਦੀਆਂ ਸਮੂਹ ਔਰਤਾਂ ਵੱਲੋਂ ਸਾਂਝੇ ਤੌਰ ‘ਤੇ ਤੀਆਂ ਦਾ ਤਿਉਹਾਰ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਿੰਡ ਦੀਆਂ ਔਰਤਾਂ ਪੰਜਾਬੀ ਪਹਿਰਾਵੇ ਵਿੱਚ ਸਜ ਧਜ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਈਆਂ। ਇਸ ਮੌਕੇ ਪੁਰਾਣੇ ਵਿਰਸੇ ਨਾਲ ਸੰਬੰਧਤ ਚਰਖਾ, ਮਧਾਣੀ, ਪੱਖੀਆਂ, ਚੱਕੀ ਅਤੇ ਹੋਰ ਸਮਾਨ ਪੰਡਾਲ ਵਿੱਚ ਸਜਾਇਆ ਗਿਆ। ਇਸ ਮੌਕੇ ਬਜ਼ੁਰਗ ਔਰਤਾਂ ਵੱਲੋਂ ਅੱਜ ਕੱਲ੍ਹ ਦੀਆਂ ਧੀਆਂ ਧਿਆਣੀਆਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਤਿਉਹਾਰ ਸਾਨੂੰ ਸਾਰਿਆਂ ਨੂੰ ਰਲਕੇ ਮਨਾਉਣੇ ਚਾਹੀਦੇ ਹਨ, ਜਿਸ ਨਾਲ ਪੰਜਾਬੀ ਸੱਭਿਆਚਾਰ ਨਾਲ ਜੁੜਨ ਦੇ ਨਾਲ ਨਾਲ ਆਪਸੀ ਸਾਂਝਾਂ ਵੀ ਵੱਧਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਨੂੂੰ ਆਪਣੇ ਵਿਰਸੇ ਅਤੇ ਸੱਭਿਅਚਾਰ ਨੂੰ ਯਾਦ ਰੱਖਣਾ ਚਾਹੀਦਾ ਹੈ, ਕਿਉਂਕਿ ਇਹ ਤਿਉਹਾਰ ਆਪਸੀ ਭਾਈਚਾਰਕ ਸਾਂਝ, ਪਿਆਰ ਤੇ ਸਦਭਾਵਨਾ ਦਾ ਸੁਨੇਹਾ ਦਿੰਦੇ ਹਨ। ਮੁਟਿਆਰਾਂ ਵੱਲੋਂ ਗਿੱਧਾ ਤੇ ਬੋਲੀਆਂ ਨਾਲ ਖੂਬ ਰੰਗ ਬੰਨ੍ਹਿਆ ਗਿਆ। ਸ਼ਾਮਲ ਔਰਤਾਂ ਨੇ ਇੱਕ ਦੂਜੀ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਪ੍ਰੋਗਰਾਮ ਵਿੱਚ ਸ਼ਾਮਲ ਪੇਕੇ ਘਰ ਆਈਆਂ ਧੀਆਂ ਨੂੰ ਸੰਧਾਰਾ ਵੀ ਦਿੱਤਾ ਗਿਆ। ਇਸ ਮੌਕੇ ਹਰਪ੍ਰੀਤ ਕੌਰ, ਬਲਜੀਤ ਕੌਰ, ਰੀਨਾ ਰਾਣੀ, ਅਮਨ, ਹਰਜਿੰਦਰ ਕੌਰ ਸਮੇਤ ਪਿੰਡ ਦੀਆਂ ਔਰਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
















