ਚੰਡੀਗੜ੍ਹ, 3 ਫ਼ਰਵਰੀ: (ਹਰਬੰਸ ਸਿੰਘ)
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਭਾਰਤ-ਅਮਰੀਕਾ ਵਪਾਰ ਸਮਝੌਤੇ ਤਹਿਤ ਅਮਰੀਕੀ ਇੰਪੋਰਟ ‘ਤੇ “ਜ਼ੀਰੋ ਟੈਰਿਫ” ਦੀ ਤਜਵੀਜ਼ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਜਿਸਨੂੰ ਲੈ ਕੇ ਉਨ੍ਹਾਂ ਨੇ ਸ਼ੰਕਾ ਜਤਾਈ ਕਿ ਇਸ ਵਿੱਚ ਖੇਤੀਬਾੜੀ ਉਤਪਾਦ ਵੀ ਸ਼ਾਮਲ ਹੋ ਸਕਦੇ ਹਨ।
ਇੱਥੇ ਜਾਰੀ ਇੱਕ ਬਿਆਨ ਵਿੱਚ, ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸਪਸ਼ਟਤਾ ਨਾ ਹੋਣ ਕਾਰਨ ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ਵਿੱਚ ਵੱਡੀ ਚਿੰਤਾ ਹੈ ਕਿ ਖੇਤੀਬਾੜੀ ਉਤਪਾਦਾਂ ਨੂੰ ਬਿਨਾਂ ਕਿਸੇ ਟੈਰਿਫ ਤੋਂ ਦੇਸ਼ ਵਿੱਚ ਆਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿ ਇਹ ਕਦਮ ਖੇਤੀ ਆਧਾਰਿਤ ਅਰਥ ਵਿਵਸਥਾ ਲਈ ਮਾਰੂ ਸਾਬਤ ਹੋ ਸਕਦਾ ਹੈ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਭਰ, ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ਵਿੱਚ ਇਹ ਡਰ ਅਤੇ ਚਿੰਤਾ ਹੈ ਕਿ ਮੋਦੀ ਸਰਕਾਰ ਅਮਰੀਕਾ ਦੇ ਦਬਾਅ ਹੇਠ ਆ ਕੇ ਅਮਰੀਕੀ ਇੰਪੋਰਟ ਉੱਪਰ ‘ਜ਼ੀਰੋ ਟੈਰਿਫ’ ਮਨਜ਼ੂਰ ਕਰ ਰਹੀ ਹੈ। ਜਦਕਿ ਭਾਰਤੀ ਉਤਪਾਦਾਂ ‘ਤੇ 18 ਫ਼ੀਸਦੀ ਟੈਰਿਫ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਇੰਪੋਰਟ ਵਿੱਚ ਖੇਤੀਬਾੜੀ ਉਤਪਾਦ ਵੀ ਸ਼ਾਮਲ ਹੋਏ, ਤਾਂ ਇਹ ਖ਼ੇਤੀ ਨੂੰ ਖ਼ਤਮ ਕਰਨ ਵਾਲਾ ਕਦਮ ਸਾਬਤ ਹੋਵੇਗਾ ਅਤੇ ਦੇਸ਼ ਭਰ ਦੀ ਖੇਤੀ ਅਰਥ ਵਿਵਸਥਾ ਨੂੰ ਇੱਕ ਵੱਡਾ ਝਟਕਾ ਲੱਗੇਗਾ ਤੇ ਜਿਸਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋਵੇਗਾ।
















