ਕੁਰਾਲੀ,28 ਅਕਤੂਬਰ (ਜਗਦੇਵ ਸਿੰਘ)
ਕਣਕ ਦੀ ਬਿਜਾਈ ਕਰਨ ਲਈ ਡੀਏਪੀ ਖਾਦ ਨਾ ਮਿਲਣ ਤੇ ਕਿਸਾਨਾਂ ਵੱਲੋ ਪੁੱਛਿਆ ਜਾ ਰਿਹਾ ਹੈ ਕਿ ਡੀਏਪੀ ਦੀ ਜਗਾਂ ਤੇ ਹੋਰ ਕਿਹੜੀ ਖਾਦ ਦੀ ਵਰਤੋਂ ਕਰੀਏ ਤਾਂ ਜੋ ਬਿਜਾਈ ਸਮੇਂ ਸਿਰ ਕੀਤੀ ਜਾ ਸਕੇ।ਇਸ ਬਾਰੇ ਡਾਂ ਗੁਰਬਚਨ ਸਿੰਘ ਸਾਬਕਾ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਡੀਏਪੀ ਖਾਦ ਤੋਂ ਇਲਾਵਾ ਹੋਰ ਫਾਸਫੋਰਸ ਤੱਤ ਵਾਲੀਆ ਖਾਦਾਂ ਦੀ ਸ਼ਿਫਾਰਿਸ਼ ਕੀਤੀ ਹੋਈ ਹੈ, ਜਿਨ੍ਹਾਂ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਕਣਕ ਵਿੱਚ ਫਾਸਫੋਰਸ ਤੱਤ ਦੇ ਰੂਪ ਵਿੱਚ 55 ਕਿਲੋ ਡੀਏਪੀ ਖਾਦ ਦੀ ਸਿਫਾਰਿਸ਼ ਕੀਤੀ ਹੋਈ ਹੈ ਪਰ ਇਹ ਨਾ ਮਿਲਣ ਦੀ ਸੂਰਤ ਵਿੱਚ ਹੋਰ ਫਾਸਫੋਰਸ ਤੱਤ ਵਾਲੀਆ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਫਾਸਫੋਰਸ ਤੱਤ ਵਾਲੀਆਂ ਖਾਦਾਂ ਬਾਰੇ ਗੱਲ ਕਰਦਿਆ ਡਾਂ ਗੁਰਬਚਨ ਸਿੰਘ ਨੇ ਦੱਸਿਆ ਕਿ ਜਿਵੇ ਟੀ ਐਸ ਪੀ 0:46:0 ਇਸ ਖਾਦ ਵਿੱਚ 46% ਫਾਸਫੋਰਸ ਮਿਲੇਗਾ,ਅਤੇ ਨਾਲ ਹੀ 15 ਤੋਂ 17% ਕੈਲਸ਼ੀਅਮ ਅਤੇ ਸਲਫਰ ਤੱਤ ਵੀ ਮਿਲਣਗੇ। ਐਨ ਪੀ ਕੇ 12:32:16 ਇਸ ਖਾਦ ਵਿੱਚ ਫਾਸਫੋਰਸ ਤੱਤ 32% ਮਿਲੇਗਾ ਨਾਲ 12% ਨਾਈਟ੍ਰੋਜਨ ਤੇ 16% ਪੋਟਾਸ਼ ਵੀ ਮਿਲੇਗੀ।
20:20:0:13 ਇਸ ਵਿੱਚ ਫਾਸਫੋਰਸ ਤੇ ਨਾਈਟ੍ਰੋਜਨ ਬਰਾਬਰ ਮਾਤਰਾ ਵਿੱਚ 20% ਮਿਲਣਗੇ। 16:16:16 ਇਸ ਖਾਦ ਵਿੱਚ ਫਾਸਫੋਰਸ ਨਾਈਟ੍ਰੋਜਨ ਅਤੇ ਪੋਟਾਸ਼ ਤਿੰਨੇ ਬਰਾਬਰ ਮਾਤਰਾ ਵਿੱਚ 16% ਤੱਤ ਮਿਲਣਗੇ।
ਐਸ ਐਸ ਪੀ ਇਸ ਖਾਦ ਵਿੱਚ ਫਾਸਫੋਰਸ ਤਕਰੀਬਨ 16% ਸਲਫਰ 11 ਤੋਂ 12% ਅਤੇ ਕੈਲਸ਼ੀਅਮ 19% ਦੇ ਆਸ ਪਾਸ ਮਿਲਦਾ ਹੈ। ਕਿਸਾਨ ਵੀਰ ਇਨ੍ਹਾਂ ਖਾਦਾਂ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰ ਸਕਦੇ ਹਨ।