ਚੰਡੀਗੜ੍ਹ, 23 ਅਕਤੂਬਰ(ਹਰਬੰਸ ਸਿੰਘ)

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾਵਾਰ ਭੱਤੇ ਦੇ ਨਾਲ ਪਿਛਲੇ ਚਾਰ ਸਾਲਾਂ ਦੇ ਬਕਾਏ ਵੀ ਦੇਵੇਗੀ।

ਇੱਥੇ ਜਾਰੀ ਇੱਕ ਬਿਆਨ ਵਿੱਚ, ਵੜਿੰਗ ਨੇ ਉਨ੍ਹਾਂ ਖਬਰਾਂ ਦਾ ਹਵਾਲਾ ਦਿੱਤਾ ਕਿ ‘ਆਪ’ ਸਰਕਾਰ ਅਗਲੇ ਸਾਲ ਤੋਂ ਪੰਜਾਬ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾਵਾਰ ਭੱਤਾ ਦੇਣ ਦੀ ਯੋਜਨਾ ਬਣਾ ਰਹੀ ਹੈ। ਜਿਸ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸਾਲਾਂ ਦੌਰਾਨ ਔਰਤਾਂ ਪਹਿਲਾਂ ਹੀ ਠੱਗੀਆਂ ਅਤੇ ਧੋਖਾ ਮਹਿਸੂਸ ਕਰ ਰਹੀਆਂ ਸਨ।

ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਬਣੇ ਲਗਭਗ ਚਾਰ ਸਾਲ ਬੀਤ ਚੁੱਕੇ ਹਨ। ਹੁਣ ਜਦੋਂ ਸਰਕਾਰ ਹੁਣ ਆਪਣੇ ਕਾਰਜਕਾਲ ਦੇ ਅਖੀਰ ਵਿਚ ਹੈ, ਤਾਂ ਇਹ ਕਥਿਤ ਤੌਰ ‘ਤੇ ਪੰਜਾਬ ਦੀਆਂ ਔਰਤਾਂ ਨਾਲ ਆਪਣੇ ਭੁੱਲੇ ਹੋਏ ਵਾਅਦੇ ਤੋਂ ਜਾਗ ਚੁੱਕੀ ਹੈ। ਹਾਲਾਂਕਿ ਜਦੋਂ ਤੱਕ ਇਹ ਯੋਜਨਾ ਲਾਗੂ ਹੋਵੇਗੀ, ‘ਆਪ’ ਦੇ ਕੋਲ ਜ਼ਿਆਦਾ ਸਮਾਂ ਨਹੀਂ ਬਚ ਸਕਦਾ।

ਵੜਿੰਗ ਨੇ ਕਿਹਾ ਕਿ ‘ਆਪ’ ਨੈਤਿਕ ਤੌਰ ‘ਤੇ ਉਨ੍ਹਾਂ ਔਰਤਾਂ ਨੂੰ ਬਕਾਇਆ ਦੇਣ ਲਈ ਪਾਬੰਦ ਹੈ, ਜਿਨ੍ਹਾਂ ਨੇ ਇੱਕ ਹਜ਼ਾਰ ਰੁਪਏ ਮਹੀਨਾਵਾਰ ਭੱਤਾ ਦੇਣ ਦੇ ਵਾਅਦੇ ਕਾਰਨ ਪਾਰਟੀ ਨੂੰ ਵੋਟ ਦਿੱਤੀ ਸੀ। ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਪੰਜਾਬ ਦੀਆਂ ਔਰਤਾਂ ਤੁਹਾਡੇ ਤੋਂ ਇਹੀ ਉਮੀਦ ਕਰਦੀਆਂ ਹਨ। ਜੇਕਰ ਸਰਕਾਰ ਸੋਚਦੀ ਹੈ ਕਿ ਉਹ ਆਪਣੇ ਕਾਰਜਕਾਲ ਦੇ ਅੰਤ ‘ਤੇ ਖੋਖਲੇ ਵਾਅਦੇ ਕਰਕੇ ਸੂਬੇ ਦੇ ਲੋਕਾਂ, ਖਾਸ ਕਰਕੇ ਔਰਤਾਂ ਨੂੰ ਦੁਬਾਰਾ ਧੋਖਾ ਦੇ ਸਕਦੀ ਹੈ, ਤਾਂ ਇਹ ਉਸਦੀ ਬਹੁਤ ਵੱਡੀ ਗਲਤ ਹੈ।

ਸ਼ੇਅਰ