ਕੁਰਾਲੀ,27 ਅਕਤੂਬਰ (ਜਗਦੇਵ ਸਿੰਘ)
ਆਪਣੀਆਂ ਸਮਾਜ ਸੇਵਾਵਾਂ ਖ਼ਾਸ ਕਰਕੇ ਬੇਸਹਾਰਾ ‘ਤੇ ਲਾਚਾਰ ਨਾਗਰਿਕਾਂ ਦੇ ਇਲਾਜ, ਸਾਂਭ-ਸੰਭਾਲ ਅਤੇ ਮੁੜ-ਵਸੇਬੇ ਲਈ ਪ੍ਰਸਿੱਧ ਸੰਸਥਾ ਪ੍ਰਭ ਆਸਰਾ ਪਡਿਆਲਾ (ਕੁਰਾਲੀ) ਵਿਖੇ ਅੱਜ ਸ਼ਪੈਸ਼ਲ ਬੱਚਿਆਂ (Intellectually Disabled) ਦੀਆਂ ਹੈਂਡਬਾਲ ‘ਤੇ ਨੈੱਟਬਾਲ ਟੀਮਾਂ ਦੀ ਸੂਬਾ ਪੱਧਰੀ ਚੋਣ ਲਈ ਟਰਾਇਲ ਹੋਏ। ਜਿਨ੍ਹਾਂ ਦਾ ਸਮੁੱਚਾ ਪ੍ਰਬੰਧ ਪ੍ਰਭ ਆਸਰਾ ਵੱਲੋਂ ਕੀਤਾ ਗਿਆ। ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਇਹ ਟਰਾਇਲ ਸ਼ਪੈਸ਼ਲ ਬੱਚਿਆਂ ਦੀਆਂ ਆਲਮੀ ਪੱਧਰ ‘ਤੇ ਖੇਡਾਂ ਕਰਵਾਉਣ ਵਾਲ਼ੀ ਸੰਸਥਾ ‘ਸ਼ਪੈਸ਼ਲ ਓਲੰਪਿਕ ਭਾਰਤ ਪੰਜਾਬ’ ਵੱਲੋਂ ਕਰਵਾਏ ਗਏ। ਜਿਨ੍ਹਾਂ ਵਿੱਚ ਪੰਜਾਬ ਦੇ ਵੱਖੋ-ਵੱਖ ਜਿਲ੍ਹਿਆਂ ਤੋਂ ਸ਼ਪੈਸ਼ਲ ਬੱਚੇ ਆਪਣੇ ਕੋਚਾਂ ਸਮੇਤ ਪਹੁੰਚੇ। ਇਸ ਮੌਕੇ ਸ਼ਪੈਸ਼ਲ ਓਲੰਪਿਕ ਭਾਰਤ ਦੇ ਪ੍ਰੋਗਰਾਮ ਮੈਨੇਜਰ ਊਮਾ ਸ਼ੰਕਰ, ਸਪੋਰਟਸ ਡਾਇਰੈਕਟਰ ਮਨਦੀਪ ਸਿੰਘ ਬਰਾੜ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਜਿਕਰਯੋਗ ਹੈ ਕਿ ਪ੍ਰਭ ਆਸਰਾ ਵੱਲੋਂ ਆਪਣੇ ਬੱਚਿਆਂ ਵਾਸਤੇ ਖੇਡਾਂ ਲਈ ਮੈਦਾਨ, ਕੋਚਾਂ ਅਤੇ ਖੁਰਾਕ ਦਾ ਉਚੇਚੇ ਤੌਰ ‘ਤੇ ਪ੍ਰਬੰਧ ਕੀਤਾ ਹੋਇਆ ਹੈ। ਜਿਸ ਸਦਕਾ ਇਹ ਬੱਚੇ ਪਿਛਲੇ ਲੰਮੇ ਸਮੇਂ ਤੋਂ ਸੂਬਾਈ ਤੇ ਕੌਮੀ ਪੱਧਰੀ ਮੁਕਾਬਲਿਆਂ ਵਿੱਚ ਬਾਦਸਤੂਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।