ਨਵਾਂਗਾਓਂ , 4 ਮਈ (ਜਗਦੇਵ ਸਿੰਘ ਕੁਰਾਲੀ )

ਨਵਾਂਗਾਓਂ ਦਸ਼ਮੇਸ਼ ਨਗਰ ਵਿੱਚ ਸਾਲ 2016-17 ਤੋਂ ਚੱਲ ਰਹੀ ਸਰਕਾਰੀ ਡਿਸਪੈਂਸਰੀ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਰਹਿਣ ਵਾਲੇ ਲੋਕ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾ ਕੇ ਸਰਕਾਰੀ ਸੁਵਿਧਾ ਦਾ ਲਾਭ ਲੈ ਰਹੇ ਸਨ। ਲੋਕਾਂ ਨੂੰ ਉਮੀਦ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਡਿਸਪੈਂਸਰੀ ਨੂੰ ਵੱਡਾ ਹਸਪਤਾਲ ਬਣਾ ਦਿੱਤਾ ਜਾਵੇਗਾ, ਪਰੰਤੂ ਹੋਇਆ ਇਸਦੇ ਉਲਟ। ਵੱਡਾ ਹਸਪਤਾਲ ਤਾਂ ਕੀ ਬਣਵਾਉਣਾ ਸੀ, ਜੋ ਡਿਸਪੈਂਸਰੀ ਚੱਲ ਰਹੀ ਸੀ, ਉਸਨੂੰ ਹੀ ਬੰਦ ਕਰਵਾ ਦਿੱਤਾ ਗਿਆ। ਇਹ ਕਹਿਣਾ ਹੈ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਵਿਨੀਤ ਜੋਸ਼ੀ ਦਾ।

ਸ਼੍ਰੀ ਜੋਸ਼ੀ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨ ਸੋਸਾਇਟੀ ਰਜਿ. ਨਵਾਂਗਾਓਂ ਦੇ ਮੈਂਬਰਾਂ ਦੇ ਯਤਨਾਂ ਨਾਲ ਸਾਲ 2016-17 ਵਿੱਚ ਇਹ ਸਰਕਾਰੀ ਡਿਸਪੈਂਸਰੀ ਨਵਾਂਗਾਓਂ ਵਿੱਚ ਖੋਲ੍ਹੀ ਗਈ ਸੀ। ਇਸ ਡਿਸਪੈਂਸਰੀ ਦੇ ਖੁੱਲ੍ਹਣ ਨਾਲ ਇਲਾਕੇ ਦੇ ਲੋਕ, ਖ਼ਾਸਕਰ ਗਰੀਬ ਵਰਗ, ਇੱਥੋਂ ਦਵਾਈਆਂ ਲੈ ਕੇ ਵੱਡੇ ਪੱਧਰ ‘ਤੇ ਇਲਾਜ ਦੀ ਸਹੂਲਤ ਪ੍ਰਾਪਤ ਕਰ ਰਹੇ ਸਨ। ਡਿਸਪੈਂਸਰੀ ਵਿੱਚ ਹਰ ਤਰ੍ਹਾਂ ਦੇ ਟੈਸਟ, ਗੰਭੀਰ ਮਰੀਜ਼ਾਂ ਨੂੰ ਦਾਖਲ ਕਰਕੇ ਦਵਾਈਆਂ ਅਤੇ ਟੀਕੇ ਲਗਾ ਕੇ ਠੀਕ ਕੀਤਾ ਜਾਂਦਾ ਸੀ।

ਜੋਸ਼ੀ ਨੇ ਦੱਸਿਆ ਕਿ ਇਸ ਡਿਸਪੈਂਸਰੀ ਵਿੱਚ 8 ਅਧਿਕਾਰੀ ਅਤੇ ਕਰਮਚਾਰੀ ਸੇਵਾ ਨਿਭਾ ਰਹੇ ਸਨ। ਇੱਕ ਡਾਕਟਰ 2023 ਵਿੱਚ ਰਿਟਾਇਰ ਹੋਇਆ ਅਤੇ ਦੂਜਾ ਅਕਤੂਬਰ 2024 ਵਿੱਚ, ਜਿਸ ਤੋਂ ਬਾਅਦ ਡਿਸਪੈਂਸਰੀ ਵਿੱਚ ਕਿਸੇ ਵੀ ਡਾਕਟਰ ਨੂੰ ਸਥਾਈ ਤੌਰ ‘ਤੇ ਨਿਯੁਕਤ ਨਹੀਂ ਕੀਤਾ ਗਿਆ। ਬਾਕੀ ਬਚੇ ਕਰਮਚਾਰੀਆਂ ਨੂੰ ਵੀ ਹੌਲੀ-ਹੌਲੀ ਬਦਲ ਦਿੱਤਾ ਗਿਆ। ਹੁਣ ਡਿਸਪੈਂਸਰੀ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ, ਅਤੇ ਇਲਾਕੇ ਦੇ ਲੋਕ ਸਰਕਾਰੀ ਮੈਡੀਕਲ ਸਹੂਲਤ ਤੋਂ ਵਾਂਝੇ ਰਹਿ ਗਏ ਹਨ।

ਜੋਸ਼ੀ ਨੇ ਅੰਤ ਵਿੱਚ ਕਿਹਾ ਕਿ ਲੋਕਾਂ ਨੂੰ ਉਮੀਦ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਡਿਸਪੈਂਸਰੀ ਨੂੰ ਵੱਡਾ ਹਸਪਤਾਲ ਬਣਾਏਗੀ। ਪਰ ਵੱਡਾ ਹਸਪਤਾਲ ਤਾਂ ਕੀ ਬਣਵਾਉਣਾ ਸੀ, ਜੋ ਡਿਸਪੈਂਸਰੀ ਸੀ, ਉਸਨੂੰ ਬੰਦ ਕਰਕੇ ਲੋਕਾਂ ਨੂੰ ਪ੍ਰਾਈਵੇਟ ਡਾਕਟਰਾਂ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਗਿਆ ਹੈ। ਇਸਦਾ ਹਰਜਾਨਾ ਆਮ ਆਦਮੀ ਪਾਰਟੀ 2027 ਦੀਆਂ ਵਿਧਾਨਸਭਾ ਚੋਣਾਂ ਵਿੱਚ ਭੁਗਤੇਗੀ।

ਸ਼ੇਅਰ