ਅੰਮ੍ਰਿਤਸਰ, 27 ਅਕਤੂਬਰ-(ਹਰਬੰਸ ਸਿੰਘ)

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਦਿੱਲੀ ਤੋਂ ਸੰਗਤਾਂ ਦੀ ਹਾਜ਼ਰੀ ’ਚ ਅਗਲੇ ਪੜਾਅ ਗੁਰਦੁਆਰਾ ਸੀਸ ਗੰਜ ਸਾਹਿਬ ਤਰਾਵੜੀ ਹਰਿਆਣਾ ਲਈ ਰਵਾਨਾ ਹੋਇਆ।
ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਜੇ ਧਾਰਮਿਕ ਦੀਵਾਨ ’ਚ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਕਥਾ ਵਿਚਾਰਾਂ ਕਰਦਿਆਂ ਸੰਗਤਾਂ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਇਤਿਹਾਸ ਦੀ ਸਾਂਝ ਪਾਈ। ਉਨ੍ਹਾਂ ਸੰਗਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੇ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਸਮੇਂ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਪ੍ਰੇਰਣਾ ਵੀ ਕੀਤੀ।
ਨਗਰ ਕੀਰਤਨ ਦੀ ਰਵਾਨਗੀ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ ਅਤੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ। ਅੱਜ ਇਹ ਨਗਰ ਕੀਰਤਨ ਹਰਿਆਣੇ ’ਚ ਦਾਖ਼ਲ ਹੋਇਆ, ਜਿਥੇ ਸੰਗਤਾਂ ਵੱਲੋਂ ਖ਼ਾਲਸਈ ਜਾਹੋ-ਜਲਾਲ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਮਿੰਦਰ ਸਿੰਘ ਮਠਾਰੂ, ਸ. ਹਰਮਨਜੀਤ ਸਿੰਘ, ਮੀਤ ਸਕੱਤਰ ਸ. ਸੁਖਬੀਰ ਸਿੰਘ, ਵਧੀਕ ਮੈਨੇਜਰ ਸ. ਜਸਬੀਰ ਸਿੰਘ, ਸ. ਜਤਿੰਦਰ ਸਿੰਘ ਸੋਨੂੰ, ਸ. ਰਮਨਦੀਪ ਸਿੰਘ, ਸ. ਕਰਤਾਰ ਸਿੰਘ ਚਾਵਲਾ, ਸ. ਜਗਮੋਹਨ ਸਿੰਘ ਅਨੰਦ, ਸ. ਤਰਵਿੰਦਰਪਾਲ ਸਿੰਘ, ਸ. ਮਨਮੋਹਨ ਸਿੰਘ, ਸ. ਦਵਿੰਦਰ ਸਿੰਘ ਭਸੀਨ, ਸ. ਗੁਰਮੀਤ ਸਿੰਘ ਜੱਗੀ, ਸ. ਰਮਿੰਦਰਪਾਲ ਸਿੰਘ ਬਖ਼ਸ਼ੀ, ਸੁਪਰਵਾਈਜ਼ਰ ਸ. ਦਰਸ਼ਨ ਸਿੰਘ, ਸ. ਭੁਪਿੰਦਰ ਸਿੰਘ, ਸ. ਮੋਹਨਦੀਪ ਸਿੰਘ, ਸ. ਮਿਲਖਾ ਸਿੰਘ, ਸ. ਹਰਪ੍ਰੀਤ ਸਿੰਘ ਜੰਡਿਆਲਾ, ਮੀਤ ਮੈਨੇਜਰ ਸ. ਅਮਰਜੀਤ ਸਿੰਘ, ਸ. ਜਗਦੀਪ ਸਿੰਘ ਮਾਛੀਨੰਗਲ, ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਸ. ਮਨਵੀਤ ਸਿੰਘ, ਸ. ਜਸਬੀਰ ਸਿੰਘ ਜੱਸੀ, ਸ. ਸੁਰਿੰਦਰਪਾਲ ਸਿੰਘ ਸਮਾਣਾ, ਸ. ਸਰਬਜੀਤ ਸਿੰਘ ਰਮਦਾਸ, ਪ੍ਰਚਾਰਕ ਭਾਈ ਪ੍ਰਭ ਸਿੰਘ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।

ਸ਼ੇਅਰ