ਚੰਡੀਗੜ੍ਹ, 24 ਅਕਤੂਬਰ (ਹਰਬੰਸ ਸਿੰਘ)

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਵੱਲੋਂ ਐਮ.ਪੀ ਦੇ ਸਥਾਨਕ ਖੇਤਰ ਵਿਕਾਸ (ਐਮਪੀਐਲਏਡੀ) ਫੰਡ ਤਹਿਤ ਗ੍ਰਾਂਟਾਂ ਜਾਰੀ ਕਰਨ ਵਾਸਤੇ ਉਨ੍ਹਾਂ ਨੂੰ ਅਲਾਟ ਕੀਤੇ 70 ਪ੍ਰਤੀਸ਼ਤ ਤੋਂ ਵੱਧ ਫੰਡਾਂ ਨੂੰ ਅਣਵਰਤਿਆ ਛੱਡਣ ਲਈ ਆਲੋਚਨਾ ਕੀਤੀ ਹੈ।

ਇਸ ਲੜੀ ਹੇਠ, ਇੱਕ ਅਖਬਾਰ ਦੀ ਖਬਰ ਵਿੱਚ ਨਸ਼ਰ ਕੀਤੇ ਗਏ ਵੇਰਵਿਆਂ ਦਾ ਹਵਾਲਾ ਦਿੰਦੇ ਹੋਏ, ਵੜਿੰਗ ਨੇ ਜ਼ਿਕਰ ਕੀਤਾ ਕਿ ਪੰਜਾਬ ਤੋਂ ‘ਆਪ’ ਦੇ ਸੱਤ ਰਾਜ ਸਭਾ ਮੈਂਬਰਾਂ ਨੇ 70 ਪ੍ਰਤੀਸ਼ਤ ਫੰਡਾਂ ਨੂੰ ਅਣਵਰਤਿਆ ਛੱਡ ਦਿੱਤਾ ਹੈ। ਇਹ ਜਾਂ ਤਾਂ ਇਨ੍ਹਾਂ ਅੰਦਰ ਬੇਰਹਿਮੀ ਜਾਂ ਫਿਰ ਇਨ੍ਹਾਂ ਫੰਡਾਂ ਦੀ ਉਪਲਬਧਤਾ ਅਤੇ ਉਪਯੋਗਤਾ ਬਾਰੇ ਅਗਿਆਨਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹੀ ਹੁੰਦਾ ਹੈ, ਜਦੋਂ ਰਾਜ ਸਭਾ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਜਨਤਕ/ਰਾਜਨੀਤਿਕ ਸੇਵਾ ਤੋਂ ਇਲਾਵਾ ਹੋਰ ਕਾਰਨਾਂ ਲਈ ‘ਚੁਣਿਆ’ ਜਾਂਦਾ ਹੈ। ਇਹ ਦੇਸ਼ ਦੇ ਸਭ ਤੋਂ ਦੁਰਲੱਭ ਮਾਮਲਿਆਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ ਕਿ ਪੰਜਾਬ ਤੋਂ ‘ਆਪ’ ਦੇ ਰਾਜ ਸਭਾ ਮੈਂਬਰਾਂ ਦੇ ਇੱਕ ਪੂਰੇ ‘ਝੁੰਡ’ ਨੇ ਐੱਮ.ਪੀ ਕੋਟੇ ਅਧੀਨ ਉਨ੍ਹਾਂ ਨੂੰ ਅਲਾਟ ਕੀਤੇ 70 ਪ੍ਰਤੀਸ਼ਤ ਤੋਂ ਵੱਧ ਫੰਡ ਅਣਵਰਤੇ ਛੱਡ ਦਿੱਤੇ ਹਨ।

ਵੜਿੰਗ ਨੇ ਕਿਹਾ ਕਿ ਅੱਜ ਇੱਕ ਅਖਬਾਰ ਵੱਲੋਂ ਕੀਤਾ ਗਿਆ ਖ਼ੁਲਾਸਾ ਖੁਦ ਦਰਸਾਉਦਾ ਹੈ ਕਿ ਕਿਵੇਂ ਸੰਸਦ ਮੈਂਬਰ ਫੰਡਾਂ ਉੱਤੇ ਬੈਠ ਗਏ ਹਨ, ਜਿਨ੍ਹਾਂ ਦੀ ਵਰਤੋਂ ਇਨ੍ਹਾਂ ਵਲੋਂ ਸੂਬੇ ਦੇ ਵਿਕਾਸ ਲਈ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੇਵਾ ਕਰਨਾ ਕਦੇ ਵੀ ‘ਆਪ’ ਲਈ ਤਰਜੀਹ ਨਹੀਂ ਸੀ। ਉਨ੍ਹਾਂ ਕਿਹਾ ਕਿ ‘ਆਪ’ ਕੋਈ ਮਜ਼ਾਕ ਨਹੀਂ ਹੈ। ਸਗੋਂ ਇਹ ਪੰਜਾਬ ਦੀ ਤ੍ਰਾਸਦੀ ਹੈ, ਜੋ ਆਏ ਦਿਨ ਹੋ ਰਹੇ ਖੁਲਾਸਿਆਂ ਨਾਲ ਸਾਹਮਣੇ ਆ ਰਹੀ ਹੈ।

ਸ਼ੇਅਰ