ਕੁਰਾਲੀ,3 ਅਕਤੂਬਰ (ਜਗਦੇਵ ਸਿੰਘ)
ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ।ਜਿੱਥੇ ਇਕ ਪਾਸੇ ਕਈ ਲੋਕ ਪੰਚਾਇਤੀ ਚੋਣਾਂ ਜਿੱਤਣ ਦੇ ਲਈ ਲੱਖਾਂ ਰੁਪਏ ਖਰਚ ਕਰਦੇ ਹਨ।ਉੱਥੇ ਹੀ ਜਿਲਾ ਮੋਹਾਲੀ ਦੇ ਪਿੰਡ ਢਕੋਰਾਂ ਕਲਾਂ ਵਿਖੇ ਸਰਬ-ਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਕੀਤੀ ਗਈ।ਢਕੋਰਾਂ ਕਲਾਂ ਪਿੰਡ ਦੇ ਇਸ ਉਪਰਾਲੇ ਦੀ ਹਲਕੇ ਦੇ ਵਿੱਚ ਖੂਬ ਪ੍ਰਸੰਸਾ ਕੀਤੀ ਜਾ ਰਹੀ ਹੈ।ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਹਰਜੀਤ ਸਿੰਘ ਪੱਪੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਨੂੰ ਮਜਬੂਤ ਰੱਖਦਿਆਂ ਬਿਨਾਂ ਕਿਸੇ ਖਰਚੇ ਅਤੇ ਲੜਾਈ ਝਗੜੇ ਤੋਂ ਪਿੰਡ ਦੇ ਵਿੱਚ ਪੰਚਾਇਤ ਦੀ ਚੋਣ ਕੀਤੀ ਗਈ।ਜਿਸਦੇ ਵਿੱਚ ਬੀਬੀ ਭੁਪਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਨੂੰ ਸਰਪੰਚ ਚੁਣਿਆ ਗਿਆ।ਉਨਾਂ ਕਿਹਾ ਕਿ ਲੋਕਾਂ ਨੇ ਸਿਆਣਪ ਤੇ ਸੂਝਵਾਨਤਾ ਦਾ ਸਬੂਤ ਦਿੰਦਿਆ ਪਿੰਡ ਚ ਸਰਬ-ਸੰਮਤੀ ਨਾਲ ਪੰਚਾਇਤ ਚੁਣੀ ਹੈ।ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ ਉਨੀ ਘੱਟ ਹੈ। ਉਹਨਾਂ ਦੱਸਿਆ ਕਿ ਪੰਚਾਇਤ ਦੀ ਚੋਣ ਦੇ ਲਈ ਸਾਰੇ ਪਿੰਡ ਦਾ ਇਕੱਠ ਪਿੰਡ ਦੇ ਸਿੰਘ ਸ਼ਹੀਦ ਦੇ ਅਸਥਾਨ ਚ ਕੀਤਾ ਗਿਆ।ਜਿਸ ਵਿੱਚ ਪਿੰਡ ਦੇ ਸੂਝਵਾਨ ਵਿਅਕਤੀਆਂ ਵੱਲੋਂ ਆਪੋ ਆਪਣੇ ਸੁਝਾਅ ਪੇਸ਼ ਕੀਤੇ ਗਏ।ਪਿੰਡ ਵਾਸੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਬੀਬੀ ਭੁਪਿੰਦਰ ਕੌਰ ਨੂੰ ਸਰਪੰਚ ਅਤੇ ਸੁਨੀਤਾ ਰਾਣੀ , ਸਤਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਪਵਨੀਤ ਕੌਰ, ਸੁਰਿੰਦਰ ਸਿੰਘ ਨੂੰ ਸਰਬ ਸੰਮਤੀ ਦੇ ਨਾਲ ਪੰਚ ਚੁਣਿਆ ਗਿਆ।ਉਹਨਾਂ ਕਿਹਾ ਕਿ ਕਿ ਜੇਕਰ ਅਸੀਂ ਸਰਬ-ਸੰਮਤੀ ਨਾਲ ਸਰਪੰਚ ਤੇ ਪੰਚਾਇਤ ਚੁਣਦੇ ਹਾਂ ਤਾਂ ਜਿੱਥੇ ਸਾਡੀ ਭਾਈਚਾਰਕ ਸਾਂਝ ਬਰਕਰਾਰ ਰਹਿੰਦੀ ਹੈ, ਉੱਥੇ ਲੋਕਾਂ ਅਤੇ ਸਰਕਾਰ ਦਾ ਖਰਚਾ ਵੀ ਬਚਦਾ ਹੈ।ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵੀ ਸਰਬ-ਸੰਮਤੀ ਦੇ ਨਾਲ ਚੁਣੀ ਗਈ ਪੰਚਾਇਤ ਨੂੰ 5 ਲੱਖ ਰੁਪਏ ਦੇ ਫੰਡ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਦੀ ਹੈ। ਇਸ ਲਈ ਉਹਨਾਂ ਹੋਰਨਾਂ ਪਿੰਡਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪੋ ਆਪਣੇ ਪਿੰਡ ਦੇ ਸਰਬ ਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਕਰਨ।ਇਸ ਮੌਕੇ ਨਵੇਂ ਸਰਪੰਚ ਚੁਣੀ ਗਈ ਬੀਬੀ ਭੁਪਿੰਦਰ ਕੌਰ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਵਿੱਚ ਵਿਕਾਸ ਕਾਰਜ ਚੱਲ ਰਹੇ ਸਨ ਉਸੇ ਤਰ੍ਹਾਂ ਭਵਿੱਖ ਦੇ ਵਿੱਚ ਵੀ ਬਿਨਾਂ ਕਿਸੇ ਭੇਦ ਭਾਵ ਤੋਂ ਉੱਚ ਪੱਧਰ ਉੱਤੇ ਵਿਕਾਸ ਕਾਰਜ ਕੀਤੇ ਜਾਣਗੇ।ਇਸ ਮੌਕੇ ਹਰਜੀਤ ਸਿੰਘ ਪੱਪੀ (ਸਾਬਕਾ ਸਰਪੰਚ), ਗੁਰਮੁਖ ਸਿੰਘ, ਅੰਮ੍ਰਿਤਪਾਲ ਸਿੰਘ, ਰਣਧੀਰ ਸਿੰਘ, ਪੰਡਿਤ ਕ੍ਰਿਸ਼ਨ ਚੰਦ, ਜਸਪਾਲ ਸਿੰਘ , ਮਨਦੀਪ ਸਿੰਘ, ਨਛੱਤਰ ਸਿੰਘ, ਸਿਕੰਦਰ ਸਿੰਘ, ਹਰਜੀਤ ਸਿੰਘ ਰੋਮੀ, ਸੁਰਜੀਤ ਸਿੰਘ, ਗੁਰਮੇਲ ਸਿੰਘ, ਮੱਗਰ ਸਿੰਘ ਸੁਰਿੰਦਰ ਸਿੰਘ ਨਰਿੰਦਰ ਸਿੰਘ, ਦਿਲਬਰ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਰਿਪਨਜੋਤ, ਸੰਦੀਪ ਸਿੰਘ, ਸੁਖਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਗੁਰਮੇਲ ਸਿੰਘ ਤੋਤਾ ਗੁਰਸੇਠ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।