ਕੁਰਾਲੀ11ਨਵੰਬਰ (ਜਗਦੇਵ ਸਿੰਘ)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਊ ਚੰਡੀਗੜ੍ਹ ਦੇ ਪਿੰਡ ਭੜੌਜੀਆਂ ਤੋਂ ਨਗਰ ਕੀਰਤਨ ਸਜਾਇਆ ਗਿਆ। ਇਸ ਸਬੰਧੀ ਗੁਰਦੁਆਰਾ ਭਗਤ ਰਵਿਦਾਸ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ‘ਚ ਗੱਤਕਾ ਖੇਡਦੇ ਨਿਹੰਗ ਦਲਾਂ ਤੇ ਬੈਂਡ ਬਾਜਿਆ ਸਮੇਤ ਜੈਕਾਰਿਆਂ ਦੀ ਗੂੰਜ ‘ਚ ਰਵਾਨਾ ਹੋਇਆ। ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਤਸਵੀਰਾਂ ਸਮੇਤ ਬੈਨਰ ਵੀ ਲਗਾਏ ਗਏ। ਨਗਰ ਕੀਰਤਨ ‘ਚ ਕੌਮੀ ਇਨਸਾਫ਼ ਮੋਰਚੇ ਦੇ ਆਗੂ ਭਾਈ ਪਾਲ ਸਿੰਘ ਫਰਾਂਸ ਤੇ ਕਿਸਾਨ ਜਥੇਬੰਦੀ ਲੋਕ ਹਿੱਤ ਮਿਸ਼ਨ ਦੇ ਮੈਂਬਰ ਗੁਰਮੀਤ ਸਿੰਘ ਸ਼ਾਂਟੂ, ਹਰਜੀਤ ਸਿੰਘ ਹਰਮਨ, ਰਵਿੰਦਰ ਸਿੰਘ ਵਜੀਦਪੁਰ, ਭਾਈ ਰਾਮ ਸਿੰਘ ਅਭੀਪੁਰ, ਸੋਹਣ ਸਿੰਘ ਸੰਗਤਪੁਰਾ ਤੇ ਬਲਵਿੰਦਰ ਸਿੰਘ ਰੰਗੂਆਣਾ ਵੀ ਸ਼ਾਮਿਲ ਹੋਏ। ਨਗਰ ਕੀਰਤਨ ਇਲਾਕੇ ਦੇ ਵੱਖ ਵੱਖ ਦਰਜਨ ਦੇ ਕਰੀਬ ਪਿੰਡਾਂ ‘ਚ ਪੁੱਜਣ ਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਲੰਗਰ ਤੇ ਫਰੂਟ ਵੀ ਵਰਤਾਏ ਗਏ। ਇਸ ਦੌਰਾਨ ਰਾਗੀ ਭਾਈ ਰਜਿੰਦਰ ਸਿੰਘ ਪੜੋਲ, ਭਾਈ ਰਣਜੀਤ ਸਿੰਘ ਮੁੱਲਾਂਪੁਰ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਸਾਹਿਬ ਦੀ ਸਿੱਖਿਆ ਤੋਂ ਜਾਣੂ ਕਰਵਾਇਆ ਤੇ ਗੁਰਬਾਣੀ ਸ੍ਰਵਣ ਕਰਵਾਈ। ਇਹ ਨਗਰ ਕੀਰਤਨ ਵੱਖ ਵੱਖ ਪਿੰਡਾਂ ‘ਚ ਦੀ ਹੁੰਦਾ ਹੋਇਆ ਦੇਰ ਰਾਤ ਵਾਪਿਸ ਭੜੌਜੀਆਂ ਵਿਖੇ ਆਕੇ ਸਮਾਪਤ ਹੋਇਆ। ਮੁੱਖ ਪ੍ਰਬੰਧਕ ਭਾਈ ਮਨਜਿੰਦਰ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਜਸਦੀਪ ਸਿੰਘ ਨਿਹੰਗ ਜਥੇਬੰਦੀ, ਭਾਈ ਗੁਰਮੁੱਖ ਸਿੰਘ ਮਨੀਮਾਜਰਾ, ਭਾਈ ਬਾਵਾ ਸਿੰਘ ਕਾਲੇਵਾਲ, ਗੁਰਪ੍ਰੀਤ ਸਿੰਘ ਫਿਰੋਜ਼ਪੁਰ, ਦਰਸ਼ਨ ਸਿੰਘ ਖੇੜਾ, ਪ੍ਰਸ਼ੋਤਮ ਸਿੰਘ ਚੰਦਪੁਰ ਆਦਿ ਨੇ ਵੀ ਹਾਜ਼ਰੀ ਭਰੀ।