ਕੁਰਾਲੀ 2ਅਪ੍ਰੈਲ (ਜਗਦੇਵ ਸਿੰਘ)
ਬਹੁ-ਚਰਚਿਤ ਪਾਸਟਰ ਬਜਿੰਦਰ ਨੂੰ ਬਲਾਤਕਾਰ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਹੋ ਗਈ ਹੈ। ਮੋਹਾਲੀ ਦੀ ਅਦਾਲਤ ਨੇ ਦੋ ਦਿਨ ਪਹਿਲਾਂ ਹੀ ਇਸ ਕੇਸ ਵਿਚ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਹੁਣ ਅਦਾਲਤ ਨੇ ਅੱਜ ਇਸ ਅਖੌਤੀ ਪਾਸਟਰ ਨੂੰ ਇਕ ਲੱਖ ਰੁਪਏ ਜੁਰਮਾਨੇ ਸਮੇਤ ਉਮਰ ਕੈਦ ਦੀ ਸਖਤ ਸਜ਼ਾ ਸੁਣਾਈ ਹੈ। ਇਹ ਮਾਮਲਾ ਸਾਲ 2018 ਵਿੱਚ ਸਾਹਮਣੇ ਆਇਆ ਸੀ, ਲੰਬੀ ਸੁਣਵਾਈ ਚੱਲੀ ਅਤੇ ਬਹੁਤ ਸਾਰੇ ਸਬੂਤ ਪੇਸ਼ ਹੁੰਦੇ ਰਹੇ। ਸ਼ਿਕਾਇਤਕਰਤਾ ਕੁੜੀ ਨੂੰ ਇਸ ਸਮੇਂ ਦੌਰਾਨ ਬਹੁਤ ਡਰਾਇਆ-ਧਮਕਾਇਆ ਵੀ ਜਾਂਦਾ ਰਿਹਾ। ਬਰਜਿੰਦਰ ਬਲਾਕ ਮਾਜਰੀ ਦੇ ਸਿਸਵਾਂ ਰੋਡ ‘ਤੇ ਸਥਿਤ ਪਿੰਡ ਚੰਦਪੁਰ ਵਿਖੇ ਵੀ ਪਾਖੰਡ ਦਾ ਡੇਰਾ ਚਲਾਉਂਦਾ ਸੀ ਤੇ ਹਰ ਐਤਵਾਰ ਗਰੀਬ-ਬਿਮਾਰ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਸੀ।
ਵਰਨਣਯੋਗ ਹੈ ਕਿ ਬਜਿੰਦਰ ‘ਤੇ ਇਹ ਇਕ ਮਾਮਲਾ ਨਹੀਂ ਹੈ। ਕੁੱਟਮਾਰ, ਚੋਰੀ ਦੇ ਇਲਜ਼ਾਮ ਤੇ ਡਰਾਉਣ-ਧਮਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਗੈਬੀ ਸ਼ਕਤੀਆਂ ਰਾਹੀ ਮਰਿਆਂ ਨੂੰ ਠੀਕ ਤੇ ਕੈਂਸਰ ਤੱਕ ਦੀਆਂ ਬਿਮਾਰੀਆਂ ਠੀਕ ਕਰਨ ਦਾ ਦਾਅਵਾ ਕਰਨ ਵਾਲਾ ਇਹ ਪਾਸਟਰ ਅੱਜ ਮੁਹਾਲੀ ਅਦਾਲਤ ਵਿਚ ਆਪਣੇ ‘ਤੇ ਰਹਿਮ ਕਰਨ ਦੀ ਬੇਨਤੀ ਕਰਦਿਆ ਕਹਿ ਰਿਹਾ ਸੀ ਕਿ ਮੇਰੀ ਪਤਨੀ ਬਿਮਾਰ ਰਹਿੰਦੀ ਹੈ। ਲੋਕਾਂ ਦੀਆਂ ਬਿਮਾਰੀਆਂ ਤਰੁੰਤ ਠੀਕ ਕਰਨ ਵਾਲੇ ਪਾਸਟਰ ਦੀ ਖੁਦ ਦੀ ਪਤਨੀ ਬਿਮਾਰ ਹੈ। ਆਖਰ ਅਦਾਲਤ ਵੱਲੋਂ ਲੰਮੀ ਜਾਂਚ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ।