ਕੁਰਾਲੀ 23 ਸਤੰਬਰ (ਜਗਦੇਵ ਸਿੰਘ)
ਪੰਜਾਬ ਵਾਸੀਆਂ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਸਬਜਬਾਗ ਵਿਖਾ ਕੇ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਜ਼ਮੀਨਾਂ ਦੀਆਂ ਕੁਲੈਕਟਰ ਕੀਮਤਾਂ ਵਿੱਚ ਦੁੱਗਣੇ ਤੋਂ ਜ਼ਿਆਦਾ ਵਾਧਾ ਕਰਕੇ ਪੰਜਾਬੀਆਂ ਨਾਲ ਸ਼ਰੇਆਮ ਧੋਖਾ ਕੀਤਾ ਗਿਆ ਹੈ ਅਤੇ ਜ਼ਮੀਨਾਂ ਦੇ ਕੁਲੈਕਟਰ ਰੇਟਾਂ ਵਿੱਚ ਕੀਤਾ ਗਿਆ ਇਹ ਵਾਧਾ ਸਰਕਾਰ ਦੇ ਪਤਨ ਦਾ ਕਾਰਨ ਬਣੇਗਾ। ਇਹ ਵਿਚਾਰ ਰਣਜੀਤ ਸਿੰਘ ਜੀਤੀ ਪਡਿਆਲਾ ਪ੍ਰਧਾਨ ਆਲ ਇੰਡੀਆ ਕਾਂਗਰਸ ਕਮੇਟੀ ਜ਼ਿਲ੍ਹਾ ਮੋਹਾਲੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਪਡਿਆਲਾ ਨੇ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹਾ ਮੋਹਾਲੀ ਦੇ ਪਿੰਡਾਂ ਦੀਆਂ ਕੁਲੈਕਟਰ ਕੀਮਤਾਂ ਵਿੱਚ 100 ਪ੍ਰਤੀਸਤ ਵਾਧਾ ਕੀਤਾ ਗਿਆ ਹੈ ਅਤੇ ਤਹਿਸੀਲ ਖਰੜ ਦੇ ਕਈ ਪਿੰਡਾਂ ਵਿੱਚ ਇਹ ਵਾਧਾ 120 ਪ੍ਰਤੀਸਤ ਤੋਂ ਵੀ ਜ਼ਿਆਦਾ ਹੈ, ਜਿਸਦਾ ਕਿ ਆਮ ਲੋਕਾਂ ਵੱਲੋਂ ਸਿੱਧੇ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਹੀ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਕਰਦੀ ਆਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਜਨਤਾ ਦੇ ਹੱਕਾਂ ਲਈ ਕੁਲੈਕਟਰ ਕੀਮਤਾਂ ਵਿੱਚ ਵਾਧੇ ਸਮੇਤ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਦਾ ਵਿਰੋਧ ਕਰਦੀ ਰਹੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਖੁਦ ਹੀ ਬਿਨ੍ਹਾਂ ਐਨ. ਓ. ਸੀ. ਦੇ ਰਜਿਸਟਰੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਪਾਉਂਦਿਆਂ ਵੋਟਾਂ ਦਾ ਲਾਹਾ ਲੈਣ ਲਈ 2 ਨਵੰਬਰ ਤੱਕ ਬਿਨ੍ਹਾਂ ਐਨ.ਓ.ਸੀ. ਦੇ ਰਜਿਸਟਰੀਆਂ ਕਰਨ ਦਾ ਇੱਕ ਹੋਰ ਸ਼ੋਸ਼ਾ ਛੱਡਿਆ ਗਿਆ ਹੈ। ਪਡਿਆਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਹਾਲੇ ਤੱਕ ਇਸ ਸਬੰਧੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕੋਈ ਨੋਟਿਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਅਤੇ ਪਿੰਡਾਂ ਦੇ ਗਰੀਬ ਲੋਕ ਤਹਿਸੀਲਾਂ ਦੇ ਚੱਕਰ ਕੱਟ ਰਹੇ ਹਨ, ਪ੍ਰੰਤੂ ਕੋਈ ਨੋਟੀਫਿਕੇਸ਼ਨ ਨਾ ਹੋਣ ਕਰਕੇ ਆਮ ਲੋਕ ਧੱਕੇ ਖਾ ਕੇ ਬੇਰੰਗ ਘਰਾਂ ਨੂੰ ਪਰਤਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਸੱਤਾ ਤੇ ਕਾਬਜ਼ ਹੁੰਦਿਆਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮ ਲੋਕਾਂ ਦੇ ਹੱਕ ਅਤੇ ਸਮੱਸਿਆਵਾਂ ਭੁੱਲ ਚੁੱਕੀਆਂ ਹਨ, ਜਿਸ ਕਾਰਨ ਅੱਜ ਹਰੇਕ ਵਰਗ ਆਪਣੇ ਹੱਕਾਂ ਲਈ ਧਰਨੇ ਤੇ ਰੈਲੀਆਂ ਕਰ ਰਿਹਾ ਹੈ ਪਰ ਆਮ ਲੋਕਾਂ ਨਾਲ ਗੱਲ ਕਰਨ ਦੀ ਬਜਾਇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਤੇ ਜਬਰ ਤੇ ਜ਼ੁਲਮ ਕਰ ਰਹੇ ਹਨ। ਪਡਿਆਲਾ ਨੇ ਕਿਹਾ ਕਿ ਪੰਜਾਬ ਦੇ ਆਮ ਲੋਕ ਹੁਣ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਚੁੱਕੇ ਹਨ ਅਤੇ ਇਨ੍ਹਾਂ ਜੁਮਲੇਬਾਜਾਂ ਦੇ ਝੂਠੇ ਲਾਰਿਆਂ ‘ਚ ਆਉਣ ਦੀ ਬਜਾਇ ਪੰਚਾਇਤੀ ਚੋਣਾਂ ਵਿੱਚ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ।