ਕੁਰਾਲੀ 6 ਨਵੰਬਰ (ਜਗਦੇਵ ਸਿੰਘ)
ਜਿਲਾ ਕਾਂਗਰਸ ਕਮੇਟੀ ਦੇ ਜਿਲਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾ ਦੀ ਪੁੱਤਾ ਵਾਗੂ ਪਾਲੀ ਝੋਨੇ ਦੀ ਫਸਲ ਦੀ ਮੰਡੀ ਵਿੱਚ ਚੁਕਾਈ ਨਾ ਹੋਈ ਤਾਂ ਉਨਾਂ ਵੱਲੋਂ ਵੱਡੇ ਪੱਧਰ ਕਿਸਾਨਾ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਹਾਈਵੇ ਤੇ ਜਾਮ ਲਗਾਕੇ ਨਾਅਰੇਬਾਜੀ ਕੀਤੀ ਜਾਵੇਗੀ। ਜੀਤੀ ਪਡਿਆਲਾ ਨੇ ਕਿਹਾ ਕਿ ਕਿਸਾਨਾਂ ਦੀ ਜੀਰੀ ਦੀ ਫਸਲ ਮੰਡੀ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਪਹੁੰਚ ਚੁੱਕੀ ਹੈ ਤੇ ਉਹ ਮੰਡੀਆਂ ਦੇ ਵਿੱਚ ਬੈਠੇ ਰੁਲ ਰਹੇ ਹਨ ਅਤੇ ਨਾ ਝੋਨੇ ਦਾ ਰੇਟ ਲੱਗ ਰਿਹਾ ਹੈ ਨਾ ਭਰਾਈ ਹੋ ਰਹੀ ਹੈ । ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਗੋਦਾਮਾਂ ਤੇ ਸ਼ੈਲਰਾਂ ਵਿੱਚ ਪਈ ਪਿਛਲੇ ਸਾਲ ਦੀ ਫਸਲ ਦੁਸਰੇ ਰਾਜ ਵਿੱਚ ਭੇਜਣ ਲਈ ਕੇਂਦਰ ਸਰਕਾਰ ਨਾਲ ਤਾਲਮੇਲ ਨਾ ਕਰਨ ਵਿੱਚ ਪੂਰੀ ਤਰਾਂ ਅਸਫਲ ਰਹੀ ਹੈ। ਜਿਸ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਵਿਚ ਪੰਜਾਬ ਸਰਕਾਰ ਪੂਰੀ ਤਰਾਂ ਫੇਲ ਸਾਬਤ ਹੋਈ ਹੈ, ਜਿਸ ਕਾਰਨ ਕਿਸਾਨਾਂ ਨੂੰ ਝੋਨਾ ਵੇਚਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀਤੀ ਪਡਿਆਲਾ ਨੇ ਕਿਹਾ ਕਿ ਇੱਕ ਪਾਸੇ ਕਿਸਾਨਾ ਦੀ ਮੰਡੀਆਂ ਵਿੱਚ ਫਸਲ ਰੁਲ ਰਹੀ ਹੈ ਤੇ ਦੁਸਰੇ ਪਾਸੇ ਆੜਤੀ ਕਿਸਾਨਾਂ ਦੀ ਮੁੁਸਕਿਲ ਦਾ ਫਾਇਦਾ ਲੈਦਿਆਂ ਪ੍ਰਤੀ ਕੁਆਟਿੰਲ 5 ਤੋਂ 6 ਕਿੱਲੋ ਤੱਕ ਦੇ ਕੱਟ ਲਗਾ ਰਹੇ ਹਨ। ਉਨਾਂ ਇਸ ਮਸਲੇ ਸਾਬੰਧੀ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਹੋ ਰਹੀ ਲੁੱਟ ਨੂੰ ਬੰਦ ਕਰਵਾਉਣ, ਨਹੀਂ ਕਾਂਗਰਸ ਪਾਰਟੀ ਵੱਲੋਂ ਸੜਕਾ ਤੇ ਜਾਮ ਲਗਾਏ ਜਾਣਗੇ। ਜਿਸ ਦੀ ਜਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਇਸ ਮੌਕੇ ਉਨਾਂ ਨਾਲ ਮਦਨ ਸਿੰਘ ਮਾਣਕਪੁਰ ਸ਼ਰੀਫ ਬਲਾਕ ਪ੍ਰਧਾਨ, ਨਰਦੇਵ ਸਿੰਘ ਬਿੱਟੂ ਸਾਬਕਾ ਸਰਪੰਚ, ਕੌਸਲਰ ਰਮਾਂਕਤ ਕਾਲੀਆ, ਹਰਨੇਕ ਸਿੰਘ ਤਕੀਪੁਰ, ਨਵੀਨ ਬੰਸਲ ਖਿਜਰਾਬਾਦ, ਬੱਬੂ ਕੁਰਾਲੀ, ਸੁਖਦੇਵ ਸਿੰਘ ਨੰਬਰਦਾਰ ਮਾਣਕਪੁਰ ਸਰੀਫ ਤੇ ਹੋਰ ਕਾਂਗਰਸੀ ਆਗੂ ਹਾਜਿਰ ਸਨ।