ਕੁਰਾਲੀ,5 ਅਕਤੂਬਰ (ਜਗਦੇਵ ਸਿੰਘ)
ਪਿਛਲੇ 20 ਸਾਲਾਂ ਤੋਂ ਮਾਨਸਿਕ ਤੇ ਸਰੀਰਕ ਰੋਗਾਂ ਤੋਂ ਪੀੜਤ ਬੇਸਹਾਰਾ ਨਾਗਰਿਕਾਂ ਦੇ ਇਲਾਜ, ਸਾਂਭ-ਸੰਭਾਲ ਅਤੇ ਮੁੜ-ਵਸੇਬੇ ਨੂੰ ਸਮਰਪਿਤ ਸੰਸਥਾ ਪ੍ਰਭ ਆਸਰਾ ਪਡਿਆਲਾ (ਕੁਰਾਲ਼ੀ) ਵਿਖੇ ਅਜਿਹੇ ਹੀ ਤਿੰਨ ਹੋਰ ਨਿਆਸਰਿਆਂ ਨੂੰ ਸ਼ਰਨ ਮਿਲੀ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਦਵਿੰਦਰ ਕੌਰ ਨਾਮਕ (25 ਸਾਲ) ਬੀਬੀ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਕਾਰਨ ਇਸ ਨੂੰ ਹਲਕਾ ਘਨੌਰ ਐੱਮ.ਐੱਲ.ਏ. ਗੁਰਲਾਲ ਸਿੰਘ ਦੀ ਬੇਨਤੀ ‘ਤੇ ਦਾਖਲ ਕੀਤਾ ਗਿਆ। ਇਸੇ ਤਰ੍ਹਾਂ ਬੂਟਾ ਸਿੰਘ (ਲੱਗਭਗ 45 ਸਾਲ) ਜੋ ਮਾਨਸਿਕ ਹਾਲਾਤ ਜਿਆਦਾ ਵਿਗੜਨ ਕਾਰਨ ਚੁੰਨੀ-ਲਾਂਡਰਾਂ ਰੋਡ ‘ਤੇ ਆਉਂਦੇ-ਜਾਂਦੇ ਰਾਹੀਆਂ ਅਤੇ ਗੱਡੀਆਂ ਨੂੰ ਰੋੜੇ ਮਾਰ ਰਿਹਾ ਸੀ। ਜਿੱਥੋਂ ਇਸ ਨੂੰ ਕਾਬੂ ਕਰਕੇ ਪੁਲਸ ਚੌਂਕੀ , ਮਜਾਤ ( ਮੋਹਾਲੀ ) ਵੱਲੋਂ ਸੰਸਥਾ ਵਿਖੇ ਇਲਾਜ ਅਤੇ ਸੰਭਾਲ ਲਈ ਦਾਖਲ ਕਰਵਾਇਆ । ਸਤਿੰਦਰ ਪਾਲ ਨਾਮ ਦੇ ਵਿਅਕਤੀ ਪ੍ਰਤੀ ਪੁਲਸ ਥਾਣਾ ਸੋਹਾਣਾ ਨੂੰ ਇਤਲਾਹ ਮਿਲੀ ਕਿ ਸ਼ਹਿਰ ਦੀ ਇੱਕ ਕਲੋਨੀ ਵਿੱਚ ਇਹ ਸੱਜਣ ਮਹੱਲਾ ਨਿਵਾਸੀਆਂ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ ਅਤੇ ਕਿਸੇ ਵੀ ਵੱਡੀ ਘਟਨਾ ਨੂੰ ਜਨਮ ਦੇ ਸਕਦਾ ਹੈ , ਮੁਲਾਜਮਾਂ ਵੱਲੋਂ ਕਾਬੂ ਕਰਨ ‘ਤੇ ਪਤਾ ਲੱਗਿਆ ਕਿ ਇਹ ਮਾਨਸਿਕ ਤੌਰ ਤੋਂ ਕਾਫੀ ਪੀੜਤ ਹੈ। ਜਿਸ ਬਾਰੇ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਥਾਣਾ ਸੋਹਾਣਾ ਵੱਲੋਂ ਇਸ ਨੂੰ ਪ੍ਰਭ ਆਸਰਾ ਵਿਖੇ ਦਾਖਲ ਕਰਵਾਇਆ ਗਿਆ। ਜਿਕਰਯੋਗ ਹੈ ਕਿ ਪ੍ਰਭ ਆਸਰਾ ਹੁਣ ਤੱਕ ਇਹੋ ਜਿਹੇ ਹਜ਼ਾਰਾਂ ਹੀ ਨਾਗਰਿਕਾਂ ਦੀ ਜ਼ਿੰਦਗੀ ਸੁਧਾਰ ਚੁੱਕਿਆ ਹੈ ਅਤੇ ਪਰਿਵਾਰਾਂ ਨਾਲ ਮਿਲਾ ਚੁੱਕਿਆ ਹੈ। ਇਸ ਸਮੇਂ ਤਕਰੀਬਨ 450 ਨਾਗਰਿਕਾਂ ਤੋਂ ਵੱਧ ਦੀ ਸੰਭਾਲ ਇਲਾਜ ਚੱਲ ਰਿਹਾ ਹੈ l