ਕੁਰਾਲੀ 02 ਅਗਸਤ (ਜਗਦੇਵ ਸਿੰਘ)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵੱਲੋ ਪਿੰਡ ਚਲਾਕੀ ਬਲਾਕ ਮੋਰਿੰਡਾ ਵਿਖੇ ਡਾਂ ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਸਾਈਲ ਹੈਲਥ ਕਾਰਡ ਦੇ ਆਧਾਰ ਤੇ ਖਾਦਾਂ ਦੀ ਸੁੱਚਜੀ ਵਰਤੋਂ ਸਬੰਧੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਟਰੇਨਿੰਗ ਪ੍ਰੋਗਰਾਮ ਵਿੱਚ ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਨੂੰ ਚੋਪਰ/ਸ਼ਰੈਡਰ ਨਾਲ ਮਲਚ ਕਰਕੇ ਰੋਟਾਵੇਟਰ ਨਾਲ ਆਸਾਨੀ ਨਾਲ ਮਿੱਟੀ ਵਿਚ ਮਿਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹੈਪੀਸੀਡਰ/ਜ਼ੀਰੋ ਟਿੱਲ ਡਰਿਲ ਨਾਲ ਝੋਨੇ ਦੇ ਖੜੇ ਮੁੱਢਾਂ ਵਿੱਚ ਕਣਕ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਸ਼੍ਰੀ ਪਰਮਿੰਦਰ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਕਿਸਾਨਾਂ ਨੂੰ ਸਾਈਲ ਹੈਲਥ ਕਾਰਡ ਤਹਿਤ ਮਿੱਟੀ ਦੀ ਜਾਂਚ ਕਰਵਾਉਣ ਖਾਦਾਂ ਦੀ ਲੋੜੀਂਦੀ ਮਾਤਰਾ ਦੀ ਵਰਤੋਂ ਅਤੇ ਮਿੱਟੀ ਪਰਖ ਦੀ ਮਹੱਤਤਾ ਬਾਰੇ ਜਣਕਾਰੀ ਦਿੱਤੀ।ਡਾ. ਰਮਿੰਦਰ ਸਿੰਘ ਘੁੰਮਣ ਜਿਲ੍ਹਾ ਪ੍ਰਸਾਰ ਅਫਸਰ ਵੱਲੋ ਕਿਸਾਨਾਂ ਨੂੰ ਮੰਡੀਕਰਨ ਸਬੰਧੀ ਆਉਣ ਵਾਲੀਆਂ ਸਮੱਸਿਆਵਾ ਅਤੇ ਉਨ੍ਹਾਂ ਦੇ ਨਿਪਟਾਰੇ ਸਬੰਧੀ ਸੁਝਾਅ ਦਿੱਤੇ ਗਏ।ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਚਲਾਕੀ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਡਾ. ਨਵਨੀਤ ਕੌਰ ਨੇ ਝੋਨੇ ਅਤੇ ਮੱਕੀ ਦੀ ਫਸਲ ਦੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਡਾ. ਸੁਖਸਾਗਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋ ਕਿਸਾਨਾਂ ਨੂੰ ਪੀ ਐਮ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਈਕੇਵੀਸੀ ਅਤੇ ਆਧਾਰ ਸੀਡਿੰਗ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਸਾਰੇ ਯੋਗ ਕਿਸਾਨਾਂ ਨੂੰ ਇਸ ਯੋਜਨਾਂ ਦਾ ਲਾਭ ਮਿਲ ਸਕੇ। ਇਸ ਕੈਂਪ ਵਿੱਚ ਲੱਗਭਗ 48 ਕਿਸਾਨਾਂ ਵੱਲੋ ਭਾਗ ਲਿਆ ਗਿਆ।ਇਸ ਮੌਕੇ ਕਿਸਾਨ ਰਣਧੀਰ ਸਿੰਘ ਡਾਇਰੈਕਟਰ ਸ਼ੂਗਰ ਮਿਲ ਵੱਲੋ ਗੰਨੇ ਦੀ ਫਸਲ ਵਿੱਚ ਗੋਭੀ ਸਰੋਂ ਦੀ ਬਿਜਾਈ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਕੈਂਪ ਵਿੱਚ ਦਲਜੀਤ ਸਿੰਘ ਏ.ਟੀ.ਐਮ, ਪਵਿੱਤਰ ਸਿੰਘ ਖੇਤੀਬਾੜੀ ਉਪ ਨਿਰੀਖਕ ਆਦਿ ਹਾਜ਼ਰ ਸਨ।