ਕੁਰਾਲੀ 02 ਅਗਸਤ (ਜਗਦੇਵ ਸਿੰਘ)

ਕੁਰਾਲੀ ਸ਼ਹਿਰ ਦੀ ਹੱਦ ਵਿਚ ਲਾਵਾਰਿਸ ਲੋਕਾਂ ਦੀ ਸੇਵਾ-ਸੰਭਾਲ਼ ਕਰ ਰਹੀ ਸੰਸਥਾ ਪ੍ਰਭ ਆਸਰਾ ਵਿਖੇ ਦਾਖਲ ਮਰੀਜ ਜਰਨੈਲ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜੋ ਹੁਣ ਸੰਸਥਾ ਵੱਲੋਂ ਚਲਾਏ ਜਾ ਰਹੇ ਪ੍ਰਭ ਆਸਰਾ ਮੈਡੀਕਲ ਸੇਵਾ ਸੈਂਟਰ ਚਨਾਲੋ਼ਂ ਦੇ ਆਈ.ਸੀ.ਯੂ. ਵਿੱਚ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਜੇਰੇ ਇਲਾਜ ਹਨ। ਸੰਸਥਾ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਜਰਨੈਲ ਸਿੰਘ ਪਿਛਲੇ ਮਹੀਨੇ ਤੋਂ ਪ੍ਰਭ ਆਸਰਾ ਵਿਚ ਰਹਿ ਰਹੇ ਹਨ। ਇਹਨਾਂ ਨੂੰ ਪ੍ਰਭ ਆਸਰਾ ਦੀ ਟੀਮ ਬਚਾਉ ਕਾਰਜ ਕਰਕੇ ਪਿੰਡ: ਪਡਿਆਲਾ (ਕੁਰਾਲ਼ੀ) ਤੋਂ ਲੈ ਕੇ ਆਈ ਸੀ। ਇਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦਾਖਲੇ ਸਮੇਂ ਹੀ ਬਹੁਤ ਨਾਜ਼ੁਕ ਸੀ। ਮਾਪਿਆਂ ਅਤੇ ਪਤਨੀ ਦੀ ਮੌਤ ਹੋ ਜਾਣ ਕਾਰਨ ਘਰੇ ਧਿਆਨ ਰੱਖਣ ਵਾਲ਼ਾ ਵੀ ਕੋਈ ਨਹੀਂ ਸੀ। ਪਿੰਡ ਦੇ ਕੁਝ ਮੋਹਤਬਰਾਂ ਵੱਲੋਂ ਥਾਣਾ ਕੁਰਾਲ਼ੀ, ਨਗਰ ਕੌਂਸਲ ਪ੍ਰਧਾਨ ਅਤੇ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਹਾਲ਼ੀ ਰਾਹੀਂ ਪਹੁੰਚ ਕਰਕੇ ਇਹਨਾਂ ਨੂੰ ਸੰਸਥਾ ਵਿਖੇ ਦਾਖਲ ਕਰਵਾ ਦਿੱਤਾ। ਜਿੱਥੇ ਇਲਾਜ ਅਤੇ ਸਾਂਭ-ਸੰਭਾਲ਼ ਦੇ ਚਲਦਿਆਂ ਇਹਨਾਂ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਆ ਗਿਆ ਸੀ ਪਰ ਪਿਛਲੇ ਦੋ ਕੁ ਦਿਨ ਤੋਂ ਸਰੀਰਕ ਤੌਰ ‘ਤੇ ਜਿਆਦਾ ਕਮਜੋਰੀ ਮਹਿਸੂਸ ਕਰ ਰਹੇ ਹਨ ਅਤੇ ਭੋਜਨ ਵੀ ਗ੍ਰਹਿਣ ਨਹੀਂ ਕਰ ਪਾ ਰਹੇ। ਪ੍ਰਬੰਧਕਾਂ ਵੱਲੋਂ ਇਨ੍ਹਾਂ ਦੇ ਵਾਰਸਾਂ ਅਤੇ ਜਾਣ ਪਛਾਣ ਦੇ ਸੱਜਣਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਇਹਨਾਂ ਨੂੰ ਮਿਲਣਾ ਚਾਹੁੰਦੇ ਹੋਣ ਤਾਂ ਪ੍ਰਭ ਆਸਰਾ ਵਿਖੇ ਸੰਪਰਕ ਕਰ ਸਕਦੇ ਹਨ।

ਸ਼ੇਅਰ