ਕੁਰਾਲੀ 28 ਅਗਸਤ( ਜਗਦੇਵ ਸਿੰਘ)

ਪਿਛਲੇ ਦਿਨੀ ਅੰਮ੍ਰਿਤਸਰ ਨੇੜੇ ਮਾਨਾਂਵਾਲਾ ਨੇੜੇ ਇੱਕ ਐਨ.ਆਰ.ਆਈ. ਨੌਜਵਾਨ ਦੇ ਘਰ ਵਿੱਚ ਆ ਕੇ ਉਸ ਉੱਤੇ ਗੋਲੀਆਂ ਮਾਰ ਕੇ ਗੰਭੀਰ ਜਖਮੀ ਕਰਨ ਦੀ ਘਟਨਾ ਨੇ ਪੂਰੇ ਪੰਜਾਬ ਅਤੇ ਪੰਜਾਬੀਆਂ ਦੀ ਸੁਰੱਖਿਆ ਤੇ ਸਵਾਲੀਆ ਚਿੰਨ ਲਗਾ ਦਿੱਤਾ ਹੈ, ਉੱਥੇ ਹੀ ਇਸ ਘਟਨਾ ਨੇ ਪੰਜਾਬ ਸਰਕਾਰ ਵਲੋ ਕੀਤੇ ਜਾ ਰਹੇ ਪੰਜਾਬੀਆਂ ਦੀ ਸੁਰੱਖਿਆ ਦੇ ਵਾਇਦਿਆਂ ਅਤੇ ਅਮਨ ਕਾਨੂੰਨ ਵਰਗੀ ਸਥਿਤੀ ਦੀ ਧੱਜੀਆਂ ਉਡਾ ਦਿੱਤੀਆਂ ਹਨ। ਇਨਾ ਵਿਚਾਰਾਂ ਦਾ ਪ੍ਰਗਟਾਵਾ ਜਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜੀਤੀ ਪਡਿਆਲਾ ਨੇ ਕਿਹਾ ਕਿ ਇਸ ਘਟਨਾ ਤੋਂ ਇਲਾਵਾ ਬੀਤੇ ਦਿਨੀ ਰਾਜਪੁਰਾ ਨੇੜੇ ਲਵਾਰਿਸ ਬੈਗ ਵਿੱਚ ਦੇਸੀ ਪਿਸਤੌਲਾਂ ਦਾ ਮਿਲਣਾ, ਬਟਾਲਾ ਨੇੜੇ ਸੈਰ ਤੋਂ ਵਾਪਿਸ ਆ ਰਹੇ ਕੱਪੜਾ ਵਪਾਰੀ ਤੇ ਅੰਨੇਵਾਹ ਗੋਲੀਆਂ ਚਲਾਈਆਂ, ਕਪੂਰਥਲਾ ਨੇੜੇ ਅੱਠ ਸਾਲ ਦੀ ਬੱਚੀ ਨਾਲ ਬਲਾਤਕਾਰ, ਮੋਗਾ ਨੇੜੇ ਘਰ ਵਿੱਚ ਅਕੱਲੀ ਰਹਿੰਦੀ ਮਹਿਲਾ ਦੀ ਤੇਜਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਟਾਲਾ ਨੇੜੇ ਪੁਲਿਸ ਅਤੇ ਗੈਂਗਸਟਰਾਂ ਵਿੱਚਕਾਰ ਫਾਇਰਿੰਗ ਹੋਣਾ , ਖਰੜ ਨੇੜਲੇ ਪਿੰਡ ਚੰਦੋ ਵਿੱਖੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਦਿਨ ਦਿਹਾੜੇ ਮਾਰ ਦੇਣਾ, ਡੇਰਾ ਬਾਬਾ ਨਾਨਕ ਨੇੜੇ ਖੇਤਾਂ ਨੂੰ ਪਾਣੀ ਲਗਾ ਕੇ ਆ ਰਹੇ ਕਿਸਾਨ ਨੂੰ ਗੋਲੀਆਂ ਮਾਰ ਕੇ ਮਾਰ ਦੇਣਾ। ਇਨ੍ਹਾਂ ਘਟਨਾ ਤੋਂ ਇਲਾਵਾ ਪੰਜਾਬ ਵਿੱਚ ਫਰੌਤੀਆਂ, ਨਸ਼ਾ ਤਸਕਰੀ, ਦਿਨ ਪਰ ਦਿਨ ਜਿੱਥੇ ਵੱਧਦੀ ਜਾ ਰਹੀ ਹੈ ,ਉੱਥੇ ਹੀ ਕਿੰਨੇ ਮਾਵਾਂ ਦੇ ਪੁੱਤਰ ਤੇ ਭੈਣਾ ਦੇ ਭਰਾ ਰੋਜਾਨਾ ਨਸ਼ੇ ਕਾਰਨ ਮਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਅਤੇ ਖ਼ਸਤਾ ਬਣੀ ਹੋਈ ਹੈ, ਜਿਸ ਕਾਰਨ ਅੱਜ ਸੂਬੇ ਦੀ ਆਮ ਆਦਮੀ ਸਰਕਾਰ ਤੋਂ ਇਸ ਸਮੇਂ ਸਮੂਹ ਪੰਜਾਬੀਆਂ ਦੇ ਮਨ ਅਤੇ ਦਿਮਾਗ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ । ਉਨਾਂ ਕਿਹਾ ਕਿ ਜਿੱਥੇ ਇਸ ਸਮੇਂ ਸਮੂਹ ਪੰਜਾਬ ਨਿਵਾਸੀ ਪੰਜਾਬ ਸਰਕਾਰ ਵਲੋਂ ਵੋਟਾਂ ਦੇ ਸਮੇਂ ਕੀਤੇ ਵਾਇਦਿਆਂ ਨੂੰ ਪੂਰਾ ਕਰਨ ਅਤੇ ਪੰਜਾਬ ਵਿੱਚ ਅਮਨ, ਚੈਨ, ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਸੁਰੱਖਿਅਤ ਰੱਖਣ ਦੀ ਪੁਕਾਰ ਲਗਾ ਰਹੇ ਹਨ, ਉਥੇ ਅੱਜ ਕਾਂਗਰਸ ਸਰਕਾਰ ਨੂੰ ਵੀ ਯਾਦ ਕਰ ਰਹੇ ਹਨ।

ਸ਼ੇਅਰ