ਚੰਡੀਗੜ੍ਹ 22 ਜੁਲਾਈ (ਹਰਬੰਸ ਸਿੰਘ)
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ‘ਤੇ ਦੋਸ਼ ਲਗਾਇਆ ਕਿ ਉਹ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਕਰਕੇ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਉਹ ਅਦਾਇਗੀ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਡੁੱਬਦੇ ਬੈਂਕ ਦੇ ਚੈੱਕ ਸਮਾਨ ਹੈ।
ਵੜਿੰਗ ਨੇ ਸਰਕਾਰੀ ਫੈਸਲੇ ਦਾ ਜਵਾਬ ਦਿੰਦੇ ਹੋਏ ਕਿ ਜਦੋਂ ਤੱਕ ਖੇਤਰ ਵਿਕਸਤ ਨਹੀਂ ਹੋ ਜਾਂਦਾ, ਕਿਸਾਨਾਂ ਨੂੰ ਏਕੜ ਅਧਾਰਤ ਮੁਆਵਜ਼ਾ ਦਿੱਤਾ ਜਾਵੇਗਾ, ਨੂੰ ਸਿੱਧੇ ਤੌਰ ਤੇ ਆਪ ਸਰਕਾਰ ਦੁਆਰਾ ਕਿਸਾਨਾਂ ਨੂੰ ਮੂਰਖ ਬਣਾਉਣ ਵਾਸਤੇ ਇੱਕ ਭੰਬਲਭੂਸੇ ਵਿੱਚ ਪਾਉਣ ਵਾਲੀ ਚਾਲ ਦੱਸਿਆ ਹੈ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨ ਇਨ੍ਹਾਂ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ । ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਕੋਲ ਆਪਣੇ ਰੋਜ਼ਾਨਾ ਦੇ ਖਰਚੇ ਚਲਾਉਣ, ਤਨਖਾਹਾਂ ਦੇਣ ਜਾਂ ਹਰੇਕ ਔਰਤ ਨੂੰ ਵਾਅਦਾ ਕੀਤੇ ਇੱਕ ਹਜ਼ਾਰ ਰੁਪਏ ਦੇਣ ਲਈ ਲੋੜੀਂਦਾ ਪੈਸਾ ਨਹੀਂ ਹੈ, ਤਾਂ ਉਹ ਕਿਸਾਨਾਂ ਨੂੰ ਦੇਣ ਲਈ ਪੈਸੇ ਕਿੱਥੋਂ ਲਿਆਏਗੀ?
ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਕਿਸਾਨਾਂ ਨੂੰ ਧੋਖਾ ਦਿੰਦਿਆਂ, ਆਪਣੇ ਜਾਲ ਵਿੱਚ ਫਸਾਉਣ ਦੀ ਇੱਕ ਚਾਲ ਹੈ।
ਇਸ ਦੌਰਾਨ ਸਰਕਾਰ ਨੂੰ ਇਹ ਪਾਲਿਸੀ ਵਾਪਸ ਲੈਣ ਸਬੰਧੀ ਅਪੀਲ ਨੂੰ ਦੁਹਰਾਉਂਦੇ ਹੋਏ, ਵੜਿੰਗ ਨੇ ਪੁੱਛਿਆ ਕਿ ਜਦੋਂ ਲੈਂਡ ਪੂਲਿੰਗ ਦੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਕਿਸਾਨ ਆਪਣੀ ਜ਼ਮੀਨ ਦੇਣ ਲਈ ਤਿਆਰ ਹਨ, ਤਾਂ ਫਿਰ ਇਸਦਾ ਕੀ ਮਤਲਬ ਹੈ?
ਸੂਬਾ ਕਾਂਗਰਸ ਪ੍ਰਧਾਨ ਨੇ ਸਰਕਾਰ ਵੱਲੋਂ ਜ਼ਬਰਦਸਤੀ ਜਮੀਨ ਹੜੱਪਣ ਦੀ ਕੋਸ਼ਿਸ਼ ਵਿਰੁੱਧ ਕਿਸਾਨਾਂ ਨਾਲ ਕਾਂਗਰਸ ਪਾਰਟੀ ਦਾ ਸਮਰਥਨ ਪ੍ਰਗਟਾਉਂਦੇ ਹੋਏ, ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਤੁਸੀਂ ਜਾਂ ਤਾਂ ਪਾਲਿਸੀ ਵਾਪਸ ਲਓ ਜਾਂ ਫਿਰ ਕਿਸਾਨਾਂ ਅਤੇ ਸਾਡੇ ਵੱਲੋਂ ਵਿਰੋਧ ਦਾ ਸਾਹਮਣਾ ਕਰੋ।