ਚੜ੍ਹੀਗੜ੍ਹ 19 ਸਤੰਬਰ (ਹਰਬੰਸ ਸਿੰਘ)

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੌਮੀ ਪੱਧਰ ਤੇ ਲਾਹਾ ਲੈਣ ਲਈ ਕਾਂਗਰਸ ਪਾਰਟੀ ਨੇ ਪੰਜਾਬ ਦੇ ਹਿੱਤ ਆਮ ਆਦਮੀ ਪਾਰਟੀ ਕੋਲ ਗਿਰਵੀ ਰੱਖ ਦਿੱਤੇ ਹਨ। ਉਹਨਾਂ ਆਖਿਆ ਕਿ ਹੁਣ ਜਦੋਂ ਇਹ ਸਪਸ਼ਟ ਹੋ ਚੁੱਕਾ ਹੈ ਕਿ ਪੰਜਾਬ ਵਿੱਚ ਹੜਾਂ ਲਈ ਸੂਬਾ ਸਰਕਾਰ ਦੀਆਂ ਨਾਕਾਮੀਆਂ ਜਿੰਮੇਵਾਰ ਸਨ ਪਰ ਫਿਰ ਵੀ ਪੰਜਾਬ ਦੌਰੇ ਤੇ ਆਏ ਇਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਨਾ ਤਾਂ ਸੂਬਾ ਸਰਕਾਰ ਖਿਲਾਫ ਕੋਈ ਸ਼ਬਦ ਬੋਲਿਆ ਅਤੇ ਨਾ ਹੀ ਇਸ ਦੀ ਸਟੇਟ ਲੀਡਰਸ਼ਿਪ ਸੂਬਾ ਸਰਕਾਰ ਖਿਲਾਫ ਵਿਰੋਧੀ ਧਿਰ ਦੀ ਆਪਣੀ ਜਿੰਮੇਵਾਰੀ ਨਿਭਾ ਰਹੀ ਹੈ।
ਉਹਨਾਂ ਆਖਿਆ ਕਿ ਇਹ ਪ੍ਰਮਾਣ ਹੈ ਕਿ ਦੋਹਾਂ ਪਾਰਟੀਆਂ ਇਕੋ ਹਨ ਅਤੇ ਇਹਨਾਂ ਦੀ ਜੁਗਲਬੰਦੀ ਹੁਣ ਜੱਗ ਜਾਹਰ ਹੋ ਗਈ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 230 ਕਰੋੜ ਰੁਪਏ ਹੜ ਰੋਕੂ ਪ੍ਰਬੰਧਾਂ ਤੇ ਖਰਚਣ ਦੇ ਦਾਅਵਿਆਂ ਦੇ ਬਾਵਜੂਦ ਜਿਸ ਤਰ੍ਹਾਂ ਧੁਸੀਂ ਬੰਨ ਪਾਣੀ ਵਿੱਚ ਰੁੜ ਗਏ ਉਹ ਪ੍ਰਮਾਣ ਹਨ ਕਿ ਇਸ ਸਰਕਾਰ ਵੱਲੋਂ ਹੜ ਰੋਕੂ ਪ੍ਰਬੰਧਾਂ ਵਿੱਚ ਨੇਕ ਨੀਤੀ ਨਾਲ ਕੰਮ ਨਹੀਂ ਕੀਤਾ ਗਿਆ ਅਤੇ ਅੱਜ ਬੱਚਾ ਬੱਚਾ ਇਸ ਸਰਕਾਰ ਦੀ ਨਾਕਾਮੀ ਨੂੰ ਕੋਸ ਕਿਹਾ ਹੈ ਅਤੇ ਪੰਜਾਬ ਦੇ ਲੱਖਾਂ ਲੋਕ ਇਸ ਦਰਦ ਨੂੰ ਹੰਡਾ ਰਹੇ ਹਨ। ਪਰ ਕਾਂਗਰਸ ਪਾਰਟੀ ਇਸ ਮੁੱਦੇ ਤੇ ਪੂਰੀ ਤਰਹਾਂ ਚੁੱਪ ਹੈ।
ਉਹਨਾਂ ਨੇ ਇਸ ਮੌਕੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵੱਲੋਂ ਬੁਲਾਇਆ ਗਿਆ ਵਿਧਾਨ ਸਭਾ ਦਾ ਸੈਸ਼ਨ ਵੀ ਇੱਕ ਸਮਾਂ ਲਗਾਉਣ ਦੀ ਕਾਰਵਾਈ ਹੈ ਕਿਉਂਕਿ ਜੇਕਰ ਉਹਨਾਂ ਨੇ ਕੁਝ ਕਰਨਾ ਹੈ ਤਾਂ ਉਹਨਾਂ ਕੋਲ ਪਹਿਲਾਂ ਹੀ ਐਸਡੀ ਆਰਐਫ ਦੇ 12 ਹਜਾਰ ਕਰੋੜ ਰੁਪਏ ਉਪਲਬਧ ਹਨ ਅਤੇ ਲੋਕ ਤਾਂ ਫੌਰੀ ਤੌਰ ਤੇ ਮਦਦ ਚਾਹੁੰਦੇ ਹਨ।
ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਨਾਲ ਧ੍ਰੋਹ ਕਮਾਉਣ ਲਈ ਕਾਂਗਰਸ ਨੂੰ ਵੀ ਮੁੱਲ ਤਾਰਨਾ ਪਵੇਗਾ ਜਦੋਂ ਕਿ ਪੰਜਾਬ ਦੇ ਲੋਕਾਂ ਨੂੰ ਆਪਣੀ ਅਨਾੜੀ ਪਣ ਕਾਰਨ ਡੋਬਣ ਵਾਲੀ ਆਪ ਸਰਕਾਰ ਨੂੰ ਵੀ ਆਪਣੇ ਗੁਨਾਹਾਂ ਦੀ ਸਜ਼ਾ ਲੋਕ ਕਚਹਿਰੀ ਵਿੱਚ ਭੁਗਤਣੀ ਪਵੇਗੀ।।

ਸ਼ੇਅਰ