ਤਰਨਤਾਰਨ, 15 ਅਕਤੂਬਰ (ਹਰਬੰਸ ਸਿੰਘ)
ਕਾਂਗਰਸ ਨੇ ਅੱਜ ਏਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ, ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਦੌਰਾਨ ਪਾਰਟੀ ਦੀ ਪੂਰੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ।
ਇਸ ਮੌਕੇ 11 ਨਵੰਬਰ ਨੂੰ ਹੋਣ ਵਾਲੀਆਂ ਜਿਮਨੀ ਚੋਣਾਂ ਲਈ ਪਾਰਟੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਅੱਜ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਸ਼ਾਨਦਾਰ ਰੋਡ ਸ਼ੋਅ ਵਿੱਚ ਹਿੱਸਾ ਲਿਆ।
ਇਸ ਰੋਡ ਸ਼ੋਅ ਵਿੱਚ ਪਾਰਟੀ ਆਗੂਆਂ ਸਮੇਤ ਜਨਰਲ ਸਕੱਤਰ ਇੰਚਾਰਜ ਪੰਜਾਬ ਭੂਪੇਸ਼ ਬਘੇਲ, ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਣੇ ਕਈ ਹੋਰ ਸੀਨੀਅਰ ਆਗੂ ਵੀ ਸ਼ਾਮਲ ਹੋਏ।
ਪਾਰਟੀ ਆਗੂਆਂ ਨੇ ਬੁਰਜ ਪਰਿਵਾਰ ਦੀਆਂ ਸਿੱਖ ਪੰਥ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ। ਉਨ੍ਹਾਂ ਦੇ ਦਾਦਾ ਜਵਾਹਰ ਸਿੰਘ ਸ਼੍ਰੋਮਣੀ ਕਮੇਟੀ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ‘ਮੁੱਖ ਸੇਵਾਦਾਰ’ ਸਨ। ਉਹ ਆਪਣੇ ਪਿੰਡ ਤੋਂ ਸਾਈਕਲ ‘ਤੇ ਸ਼੍ਰੀ ਦਰਬਾਰ ਸਾਹਿਬ ਜਾਂਦੇ ਸਨ ਅਤੇ ਘਰੋਂ ਆਪਣਾ ਭੋਜਨ ਨਾਲ ਲੈ ਕੇ ਜਾਇਆ ਕਰਦੇ ਸਨ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਸਿੱਖ ਧਰਮ ਅਤੇ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਲਈ ਸਮਰਪਿਤ ਅਜਿਹੀ ਧਾਰਮਿਕ ਪਰਿਵਾਰਕ ਪਰੰਪਰਾ ਦੇ ਨਾਲ, ਬੁਰਜ ਤਰਨਤਾਰਨ ਵਰਗੇ ਪਵਿੱਤਰ ਸਥਾਨ ਦੀ ਨੁਮਾਇੰਦਗੀ ਕਰਨ ਲਈ ਸਭ ਤੋਂ ਵਧੀਆ ਉਮੀਦਵਾਰ ਹਨ।
ਇਸ ਮੌਕੇ ਬੋਲਦਿਆਂ, ਭੁਪੇਸ਼ ਬਘੇਲ ਨੇ ਪਾਰਟੀ ਵਰਕਰਾਂ ਨੂੰ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਚੋਣਾਂ ਲੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਜਿਮਨੀ ਚੋਣ ਪਾਰਟੀ ਦੇ ਨਾਲ-ਨਾਲ ਸੂਬੇ ਲਈ ਵੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਕਾਂਗਰਸ ਜ਼ਿਮਨੀ ਚੋਣ ਭਾਰੀ ਅੰਤਰ ਨਾਲ ਜਿੱਤੇਗੀ।
ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਰਨਤਾਰਨ ਦੀ ਜਿਮਨੀ ਚੋਣ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਲਈ ਦਿਸ਼ਾ ਤੈਅ ਕਰੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਹ ਸਮਝਦਾਰੀ ਨਾਲ ਵੋਟ ਪਾਉਣ ਅਤੇ ਇੱਕ ਅਜਿਹਾ ਉਮੀਦਵਾਰ ਚੁਣਨ, ਜੋ ਉਨ੍ਹਾਂ ਦੇ ਨਾਲ 24 ਘੰਟੇ ਖੜ੍ਹਾ ਰਹੇ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਦਾ ਉਮੀਦਵਾਰ ਚਾਰਾਂ ਵਿੱਚੋਂ ਸਭ ਤੋਂ ਵਧੀਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਇੱਕ ਅਜਿਹੇ ਦਲ ਬਦਲੂ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਿਸਨੇ ਬਹੁਤ ਸਾਰੀਆਂ ਪਾਰਟੀਆਂ ਬਦਲੀਆਂ ਹਨ। ਜਦੋਂ ਕਿ ਅਕਾਲੀਆਂ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਇੱਕ ਅਜਿਹਾ ਉਮੀਦਵਾਰ ਖੜ੍ਹਾ ਕਰਨਾ ਪਿਆ, ਜਿਹੜਾ ਅਪਰਾਧੀਆਂ ਅਤੇ ਗੈਂਗਸਟਰਾਂ ‘ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਇੱਕ ਹੋਰ ਉਮੀਦਵਾਰ ਦੇਸ਼ ਦੇ ਸੰਵਿਧਾਨ ਵਿੱਚ ਵੀ ਵਿਸ਼ਵਾਸ ਨਹੀਂ ਰੱਖਦਾ।
ਉੱਥੇ ਹੀ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿੱਚ ਕਾਲੇ ਦਿਨਾਂ ਦੀ ਵਾਪਸੀ ਵਿਰੁੱਧ ਚੇਤਾਵਨੀ ਦਿੱਤੀ, ਜਦੋਂ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ, ਪੰਜਾਬ ਵਿੱਚ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ, ਖਾਸ ਕਰਕੇ ਸਰਹੱਦੀ ਪੱਟੀ ਦੇ ਨਾਲ ਹਾਲਾਤ ਅਜਿਹੇ ਹੀ ਹਨ। ਉਨ੍ਹਾਂ ਕਿਹਾ ਕਿ ਲੋਕ ਪੰਜਾਬ ਨੂੰ ਇੱਕ ਸਾਫ਼-ਸੁਥਰੀ ਸਰਕਾਰ ਆਉਣ ਦੀ ਉਡੀਕ ਕਰ ਰਹੇ ਹਨ, ਜਿਹੜੀ ਉਨ੍ਹਾਂ ਦੀ ਸੇਵਾ ਕਰੇਗੀ ਅਤੇ ਉਨ੍ਹਾਂ ਦੀ ਲੁੱਟ-ਖਸੁੱਟ ਨਹੀਂ ਕਰੇਗੀ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਾ ਸਿਰਫ਼ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਸਗੋਂ ਆਪਣੇ ਵਰਕਰਾਂ ਨੂੰ ਵੀ ਨਹੀਂ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਦਲਿਤ, ਕਿਸਾਨ ਜਾਂ ਗਰੀਬ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਰਾਜ ਸਭਾ ਲਈ ਨਾਮਜ਼ਦ ਨਹੀਂ ਕੀਤਾ ਗਿਆ।
ਇਸ ਮੌਕੇ ਉੱਘੇ ਕਾਂਗਰਸੀ ਆਗੂ ਸੁਖਬਿੰਦਰ ਸਿੰਘ ਸਰਕਾਰੀਆ, ਗੁਰਜੀਤ ਔਜਲਾ, ਓ.ਪੀ. ਸੋਨੀ, ਰਾਣਾ ਕੇਪੀ ਸਿੰਘ, ਅਨਿਲ ਜੋਸ਼ੀ, ਬਲਬੀਰ ਸਿੱਧੂ, ਕੁਲਬੀਰ ਜ਼ੀਰਾ, ਸੰਤੋਖ ਸਿੰਘ ਭਲਾਈਪੁਰ, ਰਮਨਜੀਤ ਸਿੰਘ ਸਿੱਕੀ, ਕੈਪਟਨ ਸੰਦੀਪ ਸੰਧੂ, ਹਰਮਿੰਦਰ ਗਿੱਲ, ਸੁਖਪਾਲ ਭੁੱਲਰ, ਇੰਦਰਬੀਰ ਬੁਲਾਰੀਆ, ਸੰਗਤ ਗਿਲਜੀਆਂ, ਪਵਨ ਕੁਮਾਰ ਆਦੀਆ, ਅਰੁਣ ਡੋਗਰਾ, ਮਾਲਵਿਕਾ ਸੂਦ, ਰਾਜਬੀਰ ਭੁੱਲਰ ਅਤੇ ਹੋਰ।