ਕੁਰਾਲੀ, 10 ਸਤੰਬਰ (ਜਗਦੇਵ ਸਿੰਘ  )-

ਇੰਜੀਨੀਅਰ ਰੈਜੀਮੈਂਟ ਦੇ ਸੈਨਿਕ ਪ੍ਰਗਟ ਸਿੰਘ ਦਾ ਜੱਦੀ ਪਿੰਡ ਭਜੌਲੀ ਵਿਖੇ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਫੌਜ ਦੀ ਟੁਕੜੀ ਨੇ ਸਲਾਮੀ ਦਿੱਤੀ ਜਦਕਿ ਪਿੰਡ ਵਾਸੀਆਂ ਨੇ ਨੌਜਵਾਨ ਸੈਨਿਕ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ।
ਮ੍ਰਿਤਕ ਪ੍ਰਗਟ ਸਿੰਘ ਭਾਰਤੀ ਫੌਜ ਦੀ 114 ਆਰਮਡ ਇੰਜੀਨੀਅਰ ਰੈਜੀਮੈਂਟ ਵਿੱਚ ਹੌਲਦਾਰ ਵਜੋਂ ਤਾਇਨਾਤ ਸੀ ਅਤੇ ਅੱਜ ਕੱਲ੍ਹ ਪੁਣੇ ਵਿਖੇ ਡਿਊਟੀ ਕਰ ਰਿਹਾ ਸੀ। ਕਰੀਬ 34 ਸਾਲ ਉਮਰ ਦੇ ਹੌਲਦਾਰ ਪ੍ਰਗਟ ਸਿੰਘ ਦੀ ਅਚਾਨਕ ਮੌਤ ਦੀ ਖ਼ਬਰ ਜਿਵੇਂ ਹੀ ਪਿੰਡ ਪੁੱਜੀ ਤਾਂ ਸੋਗ ਦੀ ਲਹਿਰ ਦੌੜ ਪਈ। ਇਸੇ ਦੌਰਾਨ ਭਾਰੀ ਸੈਨਾ ਦੀ ਫੁਲ੍ਹਾ ਨਾਲ ਸਜ਼ੀ ਗੱਡੀ ਵਿੱਚ ਮ੍ਰਿਤਕ ਸੈਨਿਕ ਪ੍ਰਗਟ ਸਿੰਘ ਦੀ ਦੇਹ ਨੂੰ ਪਿੰਡ ਲਿਆਂਦਾ ਗਿਆ ਜਿੱਥੇ ਫੌਜੀ ਸਨਮਾਨਾਂ ਪਿੰਡ ਦੀ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਪ੍ਰਗਟ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਆਏ ਫੌਜੀ ਅਧਿਕਾਰੀ ਰਾਵਤ ਅਮੋਲ ਨੇ ਦੱਸਿਆ ਕਿ ਫੌਜ ਵਿੱਚ ਬਤੌਰ ਹੌਲਦਾਰ ਤਾਇਨਾਤ ਪ੍ਰਗਟ ਸਿੰਘ ਪੁਣੇ ਵਿਖੇ ਤਾਇਨਾਤ ਸੀ ਤੇ ਡੇਂਗੂ ਹੋਣ ਕਾਰਨ ਉਸਨੂੰ ਪੁਣੇ ਵਿਖੇ ਹੀ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਹਸਪਤਾਲ ਵਿੱਚ ਇਲਾਜ ਦੌਰਾਨ ਹੀ ਉਸਦੀ ਮੌਤ ਹੋ ਗਈ। ਪ੍ਰਗਟ ਸਿੰਘ ਨੇ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਕਰਨ ਉਪਰੰਤ ਕੰਪਿਊਟਰ ਕੋਰਸ ਕੀਤਾ ਅਤੇ 2010 ਵਿੱਚ ਫੌਜ ਵਿੱਚ ਭਰਤੀ ਹੋ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਵੀ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ।
ਪ੍ਰਗਟ ਸਿੰਘ ਦੇ ਅੰਤਿਮ ਸਸਕਾਰ ਮੌਕੇ ਉਸਨੂੰ ਭਾਰਤੀ ਫੌਜ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇਰਗਿੱਲ ਨੇ ਮ੍ਰਿਤਕ ਦੀ ਦੇਹ ‘ਤੇ ਫੁੱਲ ਮਾਲਾ ਚੜ੍ਹਾ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸੇ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪ੍ਰਗਟ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ 15 ਸਤੰਬਰ ਦਿਨ ਐਤਵਾਰ ਨੂੰ ਹੋਵੇਗਾ।

ਸ਼ੇਅਰ