ਨਿਊ ਚੰਡੀਗੜ੍ਹ /ਮਾਜਰੀ 8 (ਜਗਦੇਵ ਸਿੰਘ)

ਬੀਤੇ ਸਾਲ 13 ਸਤੰਬਰ ਨੂੰ ਅਨੰਤ ਨਾਗ ਜੰਮੂ ਕਸ਼ਮੀਰ ਵਿਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਸਮੇਂ ਮੋਹਾਲੀ ਜ਼ਿਲੇ ਦੇ ਪਿੰਡ ਭੜੌਜੀਆਂ ਨਿਊ ਚੰਡੀਗੜ੍ਹ ਦੇ ਨੌਜਵਾਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ (ਕੀਰਤੀ ਚੱਕਰ, ਸੈਨਾ ਮੈਡਲ) ਸ਼ਹੀਦੀ ਪ੍ਰਾਪਤ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਪਰਿਵਾਰ ਵੱਲੋਂ ਆਪਣੇ ਉਸ ਸਪੂਤ ਨੂੰ ਯਾਦ ਕਰਦਿਆਂ ਪਹਿਲੀ ਬਰਸੀ 13 ਸਤੰਬਰ ਨੂੰ ਮਨਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅੱਜ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਬਰਸੀ ਸਮਾਗਮ ਪਾਰਕ ਇਕੋ ਸਿਟੀ ਵਨ (ਵੱਡੇ ਚੌਂਕ ਦੇ ਨਾਲ) ਪਿੰਡ ਭੜੌਜੀਆਂ ਨਿਊ ਚੰਡੀਗੜ੍ਹ ਵਿਖੇ ਹੋਣਗੇ। ਜਿਸ ਵਿੱਚ ਸ਼ਹੀਦ ਨਮਿਤ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਸਿੱਖ ਕੌਮ ਦੇ ਮਹਾਨ ਕੀਰਤਨੀਏ ਸ਼ਬਦ ਗਾਇਨ ਕਰਨਗੇ।ਇਸ ਮੌਕੇ ਗੁਰੂ ਕਾ ਲੰਗਰ ਵੀ ਵਰਤਾਇਆ ਜਾਵੇਗਾ।ਇਸ ਮੌਕੇ ਸ਼ਹੀਦ ਦੇ ਧਰਮਪਤਨੀ ਸ਼੍ਰੀਮਤੀ ਜਗਮੀਤ ਕੌਰ, ਪੁੱਤਰ ਕਬੀਰ, ਪੁਤਰੀ ਬਾਣੀ ਅਤੇ ਮਾਤਾ ਮਨਜੀਤ ਕੌਰ ਜੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਗਈ ਹੈ।ਇਸ ਮੌਕੇ ਅੱਜ ਪਰਿਵਾਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਸਮਾਜ ਸੇਵੀ ਸ੍ਰੀ ਅਰਵਿੰਦ ਪੁਰੀ ਨੇ ਦੱਸਿਆ ਕਿ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਸ਼ਹਾਦਤ ਸਮੇਂ ਅਤੇ ਅੰਤਿਮ ਅਰਦਾਸ ਮੌਕੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਸ਼ਹੀਦ ਦੀ ਯਾਦ ਵਿੱਚ ਕੁਝ ਯਾਦਗਾਰਾਂ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਪਰਿਵਾਰ, ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਵੀ ਮੰਗ ਕੀਤੀ ਸੀ ਕਿ ਸ਼ਹੀਦ ਦੇ ਨਾਂ ਤੇ ਮੁੱਲਾਂਪੁਰ ਬੈਰੀਅਰ ਤੇ ਇੱਕ ਗੇਟ ਬਣਾਇਆ ਜਾਵੇ ਅਤੇ ਬੈਰੀਅਰ ਤੋਂ ਕੁਰਾਲੀ ਤੱਕ ਇਸ ਰੋਡ ਦਾ ਨਾਂ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ, ਜਾਂ ਨਿਊ ਚੰਡੀਗੜ੍ਹ ਵਿੱਚ ਕੋਈ ਮੈਰੀਟੋਰੀਅਸ ਸਕੂਲ, ਜਾਂ ਪਿੰਡ ਦੇ ਸਕੂਲ ਅਪਗ੍ਰੇਡ ਕਰ ਕੇ ਨਾਮ ਸ਼ਹੀਦ ਦੇ ਨਾਂ ਤੇ, ਜਾਂ ਕੋਈ ਸਟੇਡੀਅਮ ਜਾਂ ਲਾਈਬ੍ਰੇਰੀ ਪਿੰਡ ਵਿੱਚ ਸਥਾਪਤ ਕਰਨ ਜਾਂ ਕੋਈ ਹੋਰ ਅਦਾਰਾ ਸ਼ਹੀਦ ਦੇ ਨਾਂ ਤੇ ਬਣਾਇਆ ਜਾਵੇ ਜਿਸ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲ ਸਕੇ ਵਰਗੀਆਂ ਮੰਗਾਂ ਮੁੱਖ ਸਨ।ਪਰ ਅਜੇ ਤੱਕ ਸਰਕਾਰ ਵੱਲੋਂ ਕੀਤੇ ਐਲਾਨ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਬੇਸ਼ੱਕ ਪਰਿਵਾਰ ਸਮੇ ਸਮੇ ਤੇ ਇਸ ਸਬੰਧੀ ਪੰਜਾਬ ਸਰਕਾਰ ਦੇ ਵੱਖ ਵੱਖ ਸਬੰਧਤ ਅਦਾਰਿਆਂ ਨੂੰ ਪੱਤਰ ਲਿਖ ਕੇ ਚੇਤੇ ਕਰਵਾਉਂਦਾ ਰਿਹਾ ਹੈ।ਪਰ ਇੱਕ ਸਾਲ ਬੀਤਣ ਤੇ ਵੀ ਕੋਈ ਸਮਾਰਕ ਜਾਂ ਯਾਦਗਾਰ ਸਥਾਪਤ ਨਹੀਂ ਕੀਤੀ ਗਈ।ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਲੰਘੀ 14 ਅਗਸਤ 2024 ਨੂੰ ਕੀਰਤੀ ਚੱਕਰ, ਸੈਨਾ ਮੈਡਲ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਜਿਸ ਸੰਬੰਧੀ ਪਰਿਵਾਰ ਨੂੰ ਪੱਤਰ ਵੀ ਭੇਜਿਆ ਗਿਆ ਹੈ। ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਇਨ੍ਹਾਂ ਮੰਗਾਂ ਨੂੰ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇ।ਇਸ ਮੌਕੇ ਪਰਿਵਾਰਕ ਮੈਂਬਰ ਮਾਤਾ ਮਨਜੀਤ ਕੌਰ ਜੀ, ਭਰਾ ਸੰਦੀਪ ਸਿੰਘ, ਭੈਣ ਸੰਦੀਪ ਕੌਰ ,ਉਹਨਾਂ ਦੇ ਚਾਚਾ ਹਰਤੇਜ ਸਿੰਘ, ਹਰਮੇਲ ਸਿੰਘ , ਭਰਾ ਹਰਵਿੰਦਰ ਭਰਾ ,ਹਰ ਜਸ਼ਨ ਗੁਰਪ੍ਰੀਤ ਸਿੰਘ ਭਤੀਜਾ, ਮਾਸੀ ਪਰਮਜੀਤ ਕੌਰ ਅਤੇ ਸਮਾਜਸੇਵੀ ਸ੍ਰੀ ਅਰਵਿੰਦ ਪੁਰੀ ਚੇਅਰਮੈਨ ਪੁਰੀ ਟਰੱਸਟ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਸ਼ੇਅਰ