ਮਾਜਰੀ, 7 ਸਤੰਬਰ (ਜਗਦੇਵ ਸਿੰਘ )
ਲੋਕ ਹਿੱਤ ਮਿਸ਼ਨ ਬੀ ਕੇ ਯੂ ਪੰਜਾਬ ਵੱਲੋਂ ਸਿਆਲਬਾ ਸਥਿਤ ਕੋਆਪ੍ਰੇਟਿਵ ਬੈਂਕ ‘ਚ ਹੋਏ ਘਪਲੇ ਦਾ ਸ਼ਿਕਾਰ ਹੋਏ ਲੋਕਾਂ ਦੇ ਕੱਢੇ ਗਏ ਪੈਸੇ ਵਾਪਿਸ ਖਾਤਿਆ ਵਿੱਚ ਪਾਉਣ ਲਈ 10 ਦਿਨ ਦਾ ਅਲਟੀਮੇਟਮ ਦਿੱਤਾ ਗਿਆ ਹੈ। ਇਸ ਸਬੰਧੀ ਮਿਸ਼ਨ ਪ੍ਰਧਾਨ ਸੁੱਖਦੇਵ ਸਿੰਘ ਸੁੱਖਾ ਕੰਸਾਲਾ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸ਼ਾਂਟੂ, ਜਨਰਲ ਸਕੱਤਰ ਰਵਿੰਦਰ ਸਿੰਘ ਵਜੀਦਪੁਰ ਤੇ ਮੁੱਖ ਬੁਲਾਰੇ ਪਰਮਜੀਤ ਸਿੰਘ ਪੰਮੀ ਮਾਵੀ ਨੇ ਦੱਸਿਆ ਕਿ ਪਿਛਲੇ ਸਮੇਂ ਉਕਤ ਬੈਂਕ ਦੇ ਮੈਨੇਜ਼ਰ ਵੱਲੋਂ ਕਰੋੜਾਂ ਰੁਪਏ ਦਾ ਗਬਨ ਕੀਤਾ ਗਿਆ ਸੀ। ਜਿਸ ਬਾਰੇ ਮਿਸ਼ਨ ਵੱਲੋਂ ਮਾਜਰੀ ਬਲਾਕ ਵਿਖੇ ਰੱਖੇ ਪ੍ਰਦਰਸ਼ਨ ਦੌਰਾਨ ਬੈਂਕ ਅਧਿਕਾਰੀਆਂ ਨੇ 20 ਦਿਨਾਂ ਅੰਦਰ ਪੈਸੇ ਪਾਉਣ ਦਾ ਭਰੋਸਾ ਦਿੱਤਾ ਸੀ, ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਇੱਕ ਵੀ ਖਾਤਾਧਾਰਕ ਦਾ ਪੈਸਾ ਨਹੀਂ ਪਾਇਆ ਗਿਆ। ਜਿਸ ਬਾਰੇ ਉਨ੍ਹਾਂ ਵੱਲੋਂ ਜਿੱਥੇ ਡੀ ਐਸ ਪੀ ਮੁੱਲਾਂਪੁਰ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਅਗਰ 10 ਦਿਨਾਂ ਅੰਦਰ ਪੈਸੇ ਨਹੀਂ ਪਾਏ ਗਏ ਤਾਂ ਮਿਸ਼ਨ ਵੱਡੇ ਸੰਘਰਸ਼ ਦਾ ਪ੍ਰੋਗਰਾਮ ਉਲੀਕੇਗਾ। ਇਨ੍ਹਾਂ ਕਿਹਾ ਕਿ 9 ਸਤੰਬਰ ਨੂੰ ਮਿਸ਼ਨ ਦੇ ਵਫ਼ਦ ਵੱਲੋਂ ਬੈਂਕ ਦੇ ਐਮ ਡੀ ਨੂੰ ਵੀ ਲਿਖਤੀ ਪੱਤਰ ਦੇ ਕੇ ਜਾਣੂ ਕਰਵਾਇਆ ਜਾਵੇਗਾ।
















