ਚੰਡੀਗੜ੍ਹ 8 ਜੁਲਾਈ (ਹਰਬੰਸ ਸਿੰਘ)

ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੰਜੇ ਵਰਮਾ ਦੇ ਕਤਲ ਦਾ ਜ਼ਿਕਰ ਕਰਦੇ ਹੋਏ ਇੱਥੇ ਆਯੋਜਿਤ ਪੰਜਾਬ ਦੇ ਕਾਨੂੰਨ ਅਤੇ ਵਿਵਸਥਾ ਦੇ ਅਰਥੀ ਫੂਕ ਪ੍ਰਦਰਸ਼ਨ ਮੌਕੇ ਕਿਹਾ ਕਿ ਹੁਣ ਜੇਕਰ ਕਿਸੇ ਵਪਾਰੀ ਨੂੰ ਗੈਂਗਸਟਰਾਂ ਵੱਲੋਂ ਫਿਰੌਤੀ ਲਈ ਫੋਨ ਆਉਂਦਾ ਹੈ, ਤਾਂ ਉਹ ਆਪਣੇ ਪਰਿਵਾਰ ਦੀ ਭਲਾਈ ਲਈ ਸਰਕਾਰ ‘ਤੇ ਭਰੋਸਾ ਕਰਨ ਦੀ ਬਜਾਏ ਫੋਨ ਕਰਨ ਵਾਲੇ ਦੀ ਗੱਲ ਸੁਣਨ ਨੂੰ ਬਿਹਤਰ ਸਮਝੇਗਾ | ਸਰਕਾਰ ਦੇ ਝੂਠੇ ਦਾਅਵਿਆਂ ਅਤੇ ਵਾਅਦਿਆਂ ਤੋਂ ਲੋਕਾਂ ਦਾ ਵਿਸ਼ਵਾਸ ਖਤਮ ਹੋ ਰਿਹਾ ਹੈ | ਪੰਜਾਬ ਦੇ ਲੋਕ ਉੱਤਰ ਪ੍ਰਦੇਸ਼ ਵਰਗਾ ਅਪਰਾਧ ਮੁਕਤ ਰਾਜ ਦੇਖਣ ਦੀ ਜ਼ਰੂਰਤ ਮਹਿਸੂਸ ਕਰ ਰਹੇ ਹਨ |
ਤਿਖੀ ਗਰਮੀ ਅਤੇ ਹੁਮਸ ਦੇ ਬਾਵਜੂਦ, ਹਜ਼ਾਰਾਂ ਲੋਕ ਡੇਢ ਘੰਟਾ ਤੱਕ ਭਗਤ ਸਿੰਘ ਚੌਕ ‘ਤੇ ਮੌਜੂਦ ਰਹੇ ਅਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ |
ਸ਼੍ਰੀ ਜਾਖੜ ਨੇ ਕਿਹਾ ਕਿ ਅੱਜ ਸੰਜੇ ਵਰਮਾ ਨਹੀਂ ਸਗੋਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਚਿਖਾ ਸਾੜੀ ਗਈ ਹੇੈ | ਦਿਨ-ਦਿਹਾੜੇ ਗੋਲੀਬਾਰੀ ਦੀ ਘਟਨਾ ਨੇ ਨਾ ਸਿਰਫ਼ ਸਥਾਨਕ ਵਪਾਰਕ ਭਾਈਚਾਰੇ ਲਈ ਸਗੋਂ ਆਲੇ-ਦੁਆਲੇ ਦੇ ਇਲਾਕਿਆਂ ਲਈ ਵੀ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ | ਜਿਨ੍ਹਾਂ ਆਗੂਆਂ ਨੇ ਪੰਜਾਬ ਵਿੱਚ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਖਟਕੜ ਕਲਾਂ ਅਤੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਦਾ ਦੌਰਾ ਕੀਤਾ ਅਤੇ ਐਲਾਨ ਕੀਤਾ ਸੀ ਕਿ ਪੰਜਾਬ ਵਿੱਚੋਂ ਨਸ਼ੇ ਅਤੇ ਅਪਰਾਧ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਜਾਵੇਗਾ, ਉਨ੍ਹਾਂ ਦੇੇ ਰਾਜ ਵਿੱਚ ਹਰ ਘਰ ਵਿੱਚ ਨਸ਼ਾ ਫੈਲ ਰਿਹਾ ਹੈ ਅਤੇ ਪਿਛਲੇ ਕੁਝ ਦਿਨਾਂ ਵਿੱਚ ਗੋਲੀਬਾਰੀ ਦੀਆਂ ਚਾਰ ਵੱਡੀਆਂ ਘਟਨਾਵਾਂ ਵਾਪਰੀਆਂ ਹਨ |
ਉਨ੍ਹਾਂ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਦੇ ਸਾਰੇ ਦਾਅਵੇ ਗਲਤ ਸਾਬਤ ਹੋਏ ਹਨ | ਨਸ਼ੇ ਦੀ ਦਲਦਲ ਵਿੱਚ ਜਾਣ ਵਾਲੇ ਨੌਜਵਾਨ ਗੈਂਗਸਟਰਾਂ ਦੇ ਪ੍ਰਭਾਵ ਹੇਠ ਹਥਿਆਰਾਂ ਨਾਲ ਘੁੰਮ ਰਹੇ ਹਨ | ਨਾ ਸਿਰਫ਼ ਉਨ੍ਹਾਂ ਦਾ ਭਵਿੱਖ ਸਗੋਂ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ |
ਸ੍ਰੀ ਜਾਖੜ ਨੇ ਕਿਹਾ ਕਿ ਨੌਜਵਾਨਾਂ ਨੂੰ ਸੋਚਣਾ ਪਵੇਗਾ ਕਿ ਕੀ ਉਹ ਅਹਿੰਸਾ ਰਾਹੀਂ ਜੋਖਮ ਲੈ ਕੇ ਪੈਸਾ ਕਮਾਉਣਾ ਚਾਹੁੰਦੇ ਹਨ ਜਾਂ ਸਹੀ ਰਸਤੇ ‘ਤੇ ਚੱਲ ਕੇ ਆਪਣਾ ਭਵਿੱਖ ਉਜਵਲ ਬਣਾਉਣਾ ਚਾਹੁੰਦੇ ਹਨ |
ਸ੍ਰੀ ਜਾਖੜ ਨੇ ਕਿਹਾ ਕਿ ਲੋੜ ਹੈ ਕਿ ਪੰਜਾਬ ਸਰਕਾਰ ਦਿੱਲੀ ਵਿੱਚ ਅਸਫਲ ਹੋਏ ਆਗੂਆਂ ਦੇ ਮਾਡਲ ਨੂੰ ਅਪਣਾਉਣ ਦੀ ਬਜਾਏ ਗੈਂਗਸਟਰ ਸੱਭਿਆਚਾਰ ‘ਤੇ ਸਖ਼ਤੀ ਨਾਲ ਰੋਕ ਲਗਾਏ ਅਤੇ ਯੁਵਾ ਸ਼ਕਤੀ ਨੂੰ ਸਹੀ ਦਿਸ਼ਾ ਵਿੱਚ ਲਿਆਉਣ ਲਈ ਠੋਸ ਯਤਨ ਕੀਤੇ ਜਾਣ |

ਸ਼ੇਅਰ