ਕੁਰਾਲੀ 15 ਅਪ੍ਰੈਲ (ਜਗਦੇਵ ਸਿੰਘ)
ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਹਲਕਾ ਖਰੜ ਦੇ ਪਿੰਡ ਬਰਸਾਲ ਪੁਰ ਟੱਪਰੀਆਂ ਵਿਖੇ ਸਥਿੱਤ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕਰਕੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਨਾਕਾਮੀ ਨੂੰ ਉਜਾਗਰ ਕੀਤਾ।
ਜੀਤੀ ਪਡਿਆਲਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੌਂਦ ਵਿੱਚ ਆਈ ਹੈ, ਉਦੋਂ ਤੋਂ ਹੀ ਇਹ ਪ੍ਰਾਇਮਰੀ ਸਕੂਲ ਬੰਦ ਪਿਆ ਹੈ ਅਤੇ ਇੱਥੇ ਤਾਲਾ ਲੱਗਿਆ ਹੋਇਆ ਹੈ। ਇਹ ਹਾਲਾਤ ਬਹੁਤ ਹੀ ਨਿਰਾਸ਼ਾਜਨਕ ਹਨ ਜੋ ਸਿੱਖਿਆ ਪ੍ਰਣਾਲੀ ਅਤੇ ਸਰਕਾਰ ਦੀ ਮਾੜੀ ਦਸ਼ਾ ਨੂੰ ਦਰਸਾਉਂਦੇ ਹਨ।
ਜੀਤੀ ਪਡਿਆਲਾ ਨੇ ਕਿਹਾ ਕਿ ਬਰਸਾਲ ਪੁਰ ਟੱਪਰੀਆਂ ਵਰਗੇ ਪਿੰਡਾਂ ਦੇ ਬੱਚਿਆਂ ਨੂੰ ਪੜ੍ਹਾਈ ਲਈ ਦੂਜੇ ਪਿੰਡਾਂ ਵਿੱਚ ਜਾਣਾ ਪੈਂਦਾ ਹੈ, ਜੋ ਨਾ ਕੇਵਲ ਉਨ੍ਹਾਂ ਦੀ ਸਿੱਖਿਆ ਵਿੱਚ ਰੁਕਾਵਟ ਪੈਦਾ ਕਰਦਾ ਹੈ, ਬਲਕਿ ਉਨ੍ਹਾਂ ਦੀ ਸੁਰੱਖਿਆ ਅਤੇ ਮਾਨਸਿਕ ਵਿਕਾਸ ਲਈ ਵੀ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਇਸ ਗੱਲ ਉੱਤੇ ਵੀ ਗੰਭੀਰ ਪ੍ਰਸ਼ਨ ਚੁੱਕੇ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ “ਸਿੱਖਿਆ ਕ੍ਰਾਂਤੀ” ਦੇ ਨਾਅਰੇ ਲਾਏ ਜਾ ਰਹੇ ਹਨ ਅਤੇ ਪ੍ਰਚਾਰ ‘ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਜਮੀਨੀ ਹਕੀਕਤ ਇਹ ਹੈ ਕਿ ਸਰਕਾਰੀ ਸਕੂਲ ਅਧਿਆਪਕਾਂ ਦੀ ਘਾਟ ਕਾਰਨ ਤਾਲਾ ਲੱਗਣ ਲਈ ਮਜਬੂਰ ਹਨ। ਇਹ ਹਾਲਾਤ ਸਰਕਾਰ ਦੇ ਦਾਅਵਿਆਂ ਅਤੇ ਹਕੀਕਤ ਵਿਚਕਾਰ ਵੱਡਾ ਅੰਤਰ ਵਿਖਾਉਂਦੇ ਹਨ।
ਜੀਤੀ ਪਡਿਆਲਾ ਨੇ ਖਰੜ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੂੰ ਨਸੀਹਤ ਦਿੱਤੀ ਕਿ ਨਵੇਂ ਸਕੂਲਾਂ ਦੇ ਉਦਘਾਟਨ ਕਰਨ ਦੀ ਥਾਂ, ਪਹਿਲਾਂ ਹਲਕੇ ਵਿੱਚ ਬੰਦ ਪਏ ਸਕੂਲਾਂ ਦੇ ਤਾਲੇ ਖੁਲਵਾਏ ਜਾਣ ਅਤੇ ਉਨ੍ਹਾਂ ਵਿੱਚ ਅਧਿਆਪਕਾਂ ਦੀ ਤੈਨਾਤੀ ਯਕੀਨੀ ਬਣਾਈ ਜਾਵੇ।