ਕੁਰਾਲ਼ੀ 12 ਅਪ੍ਰੈਲ (ਜਗਦੇਵ ਸਿੰਘ)
ਸ਼ਹਿਰ ਦੇ ਪਪਰਾਲੀ ਮਾਰਗ ਤੇ ਸਥਿਤ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ।ਇਸ ਜਸ਼ਨ ਦੀ ਸ਼ੁਰੂਆਤ ਉਨ੍ਹਾਂ ਕਿਸਾਨਾਂ ਦਾ ਧੰਨਵਾਦ ਕਰਕੇ ਹੋਈ ਜੋ ਸਾਡੇ ਲਈ ਵੱਖ ਵੱਖ ਕਿਸਮਾਂ ਦੀਆਂ ਫਸਲਾਂ ਉਗਾਉਂਦੇ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਪੀ ਸੰਗਰ ਨੇ ਬੱਚਿਆਂ ਨੂੰ ਵਿਸਾਖੀ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਵਿਸਾਖੀ ਦਾ ਤਿਉਹਾਰ ਮੁੱਖ ਤੌਰ ਤੇ ਪੰਜਾਬ ਅਤੇ ਹਰਿਆਣਾ ਵਿਚ ਮਨਾਇਆ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਇਸ ਦਿਨ ਤੱਕ ਕਣਕ ਦੀ ਫ਼ਸਲ ਪੱਕ ਕੇ ਸੁਨਹਿਰੀ ਹੋ ਜਾਂਦੀ ਹੈ ਤਾਂ ਵਿਸਾਖੀ ਦੇ ਦਿਨ ਤੋਂ ਵਾਢੀ ਸ਼ੁਰੂ ਹੋ ਜਾਂਦੀ ਹੈ। ਇਸ ਦਿਨ ਹੀ 10ਵੇਂ ਸਿੱਖ ਗੁਰੂ ਗੋਬਿੰਦ ਸਿੰਘ ਨੇ 13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਇਸੇ ਲਈ ਇਸ ਦਿਨ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਬੱਚਿਆਂ ਨੂੰ ਇਸ ਤਿਉਹਾਰ ਬਾਰੇ ਜਾਣਕਾਰੀ ਦੇਣ ਲਈ ਇੱਕ ਛੋਟਾ ਜਿਹਾ ਐਨੀਮੇਟਡ ਵੀਡੀਓ ਦਿਖਾਇਆ ਗਿਆ ਕਿ ਵੱਖ-ਵੱਖ ਫਸਲਾਂ ਦੀ ਕਟਾਈ ਕਿਵੇਂ ਕੀਤੀ ਜਾਂਦੀ ਹੈ ਅਤੇ ਪੰਜਾਬ ਵਿੱਚ ਤਿਉਹਾਰ ਦੀਆਂ ਰਸਮਾਂ ਕਿਵੇਂ ਨਿਭਾਈਆਂ ਜਾਂਦੀਆਂ ਹਨ। ਮਸ਼ਹੂਰ ਪੰਜਾਬੀ ਸਾਜ਼ ਢੋਲ ਦੀ ਬੀਟ ਅਤੇ ਪੰਜਾਬੀ ਲੋਕ ਸੰਗੀਤ ਨੇ ਇਸ ਵਿਸਾਖੀ ਦੇ ਜਸ਼ਨ ਵਿੱਚ ਹੋਰ ਉਤਸ਼ਾਹ ਵਧਾ ਦਿੱਤਾ। ਆਖਿਰ ਵਿੱਚ ਸਕੂਲ ਦੇ ਡਾਇਰੈਕਟਰ ਸ਼੍ਰੀ ਅਸ਼ੋਕ ਕੌਸ਼ਲ ਨੇ ਬੱਚਿਆਂ ਅਤੇ ਸਮੂਹ ਸਟਾਫ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿਤੀਆਂ।