ਕੁਰਾਲੀ  4 ਅਪ੍ਰੈਲ (ਜਗਦੇਵ ਸਿੰਘ)

ਨਵੀਂ ਦਿੱਲੀ ਵਿਖੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਮਲਿਕਰੁਜਨ ਖੜਗੇ, ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ, ਜਨਰਲ ਸਕੱਤਰ ਸ੍ਰੀ ਕੇ. ਸੀ. ਵੈਣੂਗੋਪਾਲ ਅਤੇ ਪੰਜਾਬ ਇੰਚਾਰਜ ਸ੍ਰੀ ਭੁਪੇਸ਼ ਬਘੇਲ ਦੀ ਅਗਵਾਈ ਹੇਠ ਵੱਖ-ਵੱਖ ਰਾਜਾਂ ਦੀਆਂ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਦੀ ਇਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ।

ਮੀਟਿੰਗ ਦਾ ਮੁੱਖ ਮਕਸਦ ਰਾਜ ਪੱਧਰੀ ਆਧਾਰ ‘ਤੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ, ਜਨਤਾ ਨਾਲ ਸੰਪਰਕ ਵਧਾਉਣਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤੈਅ ਕਰਨਾ ਸੀ।

ਪੰਜਾਬ ਵੱਲੋਂ, ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੂੰ ਮੀਟਿੰਗ ਦੌਰਾਨ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਉਨ੍ਹਾਂ ਸਮਰਪਿਤ ਵਰਕਰਾਂ ਅਤੇ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਜੋ ਪਾਰਟੀ ਦੇ ਹਰ ਔਖੇ ਸਮੇਂ ਵਿੱਚ ਸਾਥ ਨਿਭਾਉਂਦੇ ਆਏ ਹਨ।

ਜੀਤੀ ਪਡਿਆਲਾ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ “ਇਹ ਸਮਾਂ ਸੱਚੇ ਵਰਕਰਾਂ ਦੀ ਹੌਸਲਾ ਅਫ਼ਜਾਈ ਕਰਨ ਦਾ ਹੈ, ਨਾ ਕਿ ਉਹਨਾਂ ਲੋਕਾਂ ਨੂੰ ਸਿਰ ਮੱਥੇ ਬਿਠਾਉਣ ਦਾ ਜੋ ਸਿਰਫ਼ ਮੌਕਿਆਂ ਦੀ ਰਾਜਨੀਤੀ ਕਰਦੇ ਹਨ। ਜੋ ਲੋਕ ਔਖੇ ਵੇਲੇ ਪਾਰਟੀ ਦੀ ਪਿੱਠ ‘ਚ ਛੁਰਾ ਮਾਰਦੇ ਹਨ ਜਾਂ ਆਪਣੇ ਹਿੱਤ ਲਈ ਪਾਰਟੀਆਂ ਬਦਲਦੇ ਹਨ ਉਨ੍ਹਾਂ ਮੌਕਾਪ੍ਰਸਤਾਂ ਲਈ ਪਾਰਟੀ ‘ਚ ਕੋਈ ਥਾਂ ਨਹੀਂ ਹੋਣੀ ਚਾਹੀਦੀ।”

ਉਨ੍ਹਾਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਉਹ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਪਾਰਟੀ ਨੂੰ ਔਖੇ ਸਮੇਂ ਵਿੱਚ ਸੰਭਾਲ ਕੇ ਆਪਣੇ ਪੈਰਾਂ ਤੇ ਕੀਤਾ, ਤਾਂ ਹੀ ਕਾਂਗਰਸ ਪੰਜਾਬ ਵਿਚੋਂ ਲੋਕ ਸਭਾ ਦੀਆਂ ਸੱਤ ਸੀਟਾਂ ਜਿੱਤਣ ਵਿੱਚ ਕਾਮਯਾਬ ਹੋਈ ।
ਉਨ੍ਹਾਂ ਦੇ ਬਿਆਨ ਨੂੰ ਮੀਟਿੰਗ ਵਿੱਚ ਸ਼ਾਮਲ ਹੋਰ ਕਾਂਗਰਸੀ ਆਗੂਆਂ ਵੱਲੋਂ ਵੀ ਸਰਾਹਿਆ ਗਿਆ, ਜਿਸ ਨਾਲ ਪੰਜਾਬ ਦੇ ਜ਼ਮੀਨੀ ਵਰਕਰਾਂ ਦੀ ਆਵਾਜ਼ ਨੂੰ ਰਾਸ਼ਟਰੀ ਪੱਧਰ ‘ਤੇ ਪਹੁੰਚ ਮਿਲੀ।

ਮੀਟਿੰਗ ਦਾ ਅੰਤ ਸਾਰਥਕ ਸੁਝਾਵਾਂ ਅਤੇ ਰਣਨੀਤੀਆਂ ਨਾਲ ਹੋਇਆ, ਜੋ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਨੂੰ ਯਕੀਨੀ ਬਣਾਉਣਗੀਆਂ।

ਸ਼ੇਅਰ