ਕੁਰਾਲੀ,4 ਅਕਤੂਬਰ (ਜਗਦੇਵ ਸਿੰਘ)
ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਹੋਏ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਪਾਇਲਟ ਪਰਮਜੀਤ ਸਿੰਘ ਭਾਗੋਮਾਜਰਾ ਦੀ ਮੌਤ ਦੀ ਖ਼ਬਰ ਨਾਲ ਸਥਾਨਕ ਸ਼ਹਿਰ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਪਈ। ਪਰਮਜੀਤ ਸਿੰਘ ਦਾ ਅੰਤਿਮ ਸਸਕਾਰ ਰਾਜਧਾਨੀ ਦਿੱਲੀ ਵਿਖੇ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।
ਕੁਰਾਲੀ ਨੇੜਲੇ ਪਿੰਡ ਭਾਗੋਮਾਜਰਾ ਦੇ ਸਾਧਾਰਨ ਪਰਿਵਾਰ ਵਿਚੋਂ ਉਠ ਕੇ ਪਰਮਜੀਤ ਸਿੰਘ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਰੀਬ ਦੋ ਸਾਲ ਸਾਇੰਸ ਮਾਸਟਰ ਵਲੋਂ ਸਰਕਾਰੀ ਨੌਕਰੀ ਕੀਤੀ ਅਤੇ ਫਿਰ ਆਪਣਾ ਸੁਪਨਾ ਪੂਰਾ ਕਰਦਿਆਂ ਭਾਰਤੀ ਹਵਾਈ ਸੈਨਾਂ ਵਿੱਚ ਬਤੌਰ ਪਾਇਲਟ ਭਰਤੀ ਹੋ ਗਏ। ਹਪਾਈ ਸੈਨਾ ਵਿਚੋਂ ਬਤੌਰ ਸਕਿਓਡਨ ਲੀਡਰ ਸੇਵਾ ਮੁਕਤ ਹੋਣ ਤੋਂ ਬਾਅਦ ਪਰਮਜੀਤ ਸਿੰਘ ਪ੍ਰਾਈਵੇਟ ਕੰਪਨੀ ਹੈਰੀਟੇਜ਼ ਐਵੀਏਸ਼ਨ ਵਿੱਚ ਬਤੌਰ ਪਾਇਲਟ ਸੇਵਾਵਾਂ ਦੇ ਰਹੇ ਸਨ ਅਤੇ ਦੇਸ਼ ਦੇ ਵੀਆਈਪੀਜ਼ ਨੂੰ ਹਵਾਈ ਸੇਵਾਵਾਂ ਦੇਣ ਵਾਲੇ ਹੈਲੀਕਾਪਰ ਚਲਾਉਂਦੇ ਸਨ।
ਪਰਮਜੀਤ ਸਿੰਘ ਦੇ ਦੋ ਭਰਾ ਭਾਗੋਮਾਜਰਾ ਤੋਂ ਆ ਕੇ ਕੁਰਾਲੀ ਸ਼ਹਿਰ ਵਿੱਚ ਵਸੇ ਹੋਏ ਹਨ ਜਦਕਿ ਇੱਕ ਭਰਾ ਖਰੜ ਵਿਖੇ ਰਹਿ ਰਿਹਾ ਹੈ। ਪਰਮਜੀਤ ਸਿੰਘ ਖੁਦ ਦਿੱਲੀ ਵਿਖੇ ਸਥਾਪਿਤ ਸਨ। ਹਾਦਸੇ ਤੋਂ ਬਾਅਦ ਗਮ ਵਿੱਚ ਡੁੱਬੇ ਪਰਿਵਾਰ ਨਾਲ ਜਦੋਂ ਗੱਲਬਾਤ ਕੀਤੀ ਤਾਂ ਪਰਮਜੀਤ ਸਿੰਘ ਦੇ ਭਤੀਜੇ ਗੁਰਕੀਰਤ ਸਿੰਘ ਗੁਰੀ ਨੇ ਦੱਸਿਆ ਕਿ ਪਰਮਜੀਤ ਸਿੰਘ ਜਦੋਂ ਉਨ੍ਹਾਂ ਨੂੰ ਹੈਲੀਕਾਪਟਰ ਹਾਸਦੇ ਕਾਰਨ ਵਾਪਰੇ ਭਾਣੇ ਸਬੰਧੀ ਖ਼ਬਰ ਮਿਲੀ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਹਾਸਦੇ ਦੇ ਕਾਰਨ ਬਾਰੇ ਵਧੇਰੇ ਜਾਣਕਾਰੀ ਹਾਲੇ ਤੱਕ ਨਹੀਂ ਮਿਲ ਸਕੀ ਪਰ ਮੁਢਲੇ ਤੌਰ ‘ਤੇ ਇਹੋ ਕਿਹਾ ਜਾ ਰਿਹਾ ਹੈ ਕਿ ਖਰਾਬ ਮੌਸਮ ਤੇ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ। ਗੁਰੀ ਨੇ ਦੱਸਿਆ ਕਿ ਪਰਮਜੀਤ ਸਿੰਘ ਲੋਕ ਸਭਾ ਮੈਂਬਰ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਸੁਨੀਲ ਤਤਕਰੇ ਨੂੰ ਚੋਣਾਂ ਨੂੰ ਹਵਾਈ ਸਫ਼ਰ ਦੀ ਸੇਵਾ ਮੁਹਈਆ ਕਰਵਾਉਣ ਲਈ ਪੁਣੇ ਪੁੱਜੇ ਹੋਏ ਸਨ। ਗੁਰੀ ਨੇ ਦੱਸਿਆ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਦਿੱਲੀ ਪੁੱਜਣ ਦੀ ਸੰਭਾਵਨਾ ਹੈ ਅਤੇ ਕੱਲ੍ਹ ਦਿੱਲੀ ਵਿਖੇ ਹੀ ਉਨ੍ਹਾਂ ਦੇ ਚਾਚਾ ਪਰਮਜੀਤ ਸਿੰਘ ਦਾ ਸਸਕਾਰ ਕੀਤਾ ਜਾਵੇਗਾ। ਗੁਰੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵੀ ਇੱਥੋਂ ਦਿੱਲੀ ਜਾ ਰਿਹਾ ਹੈ।
ਭਾਗੋਮਾਜਰਾ ਦੀ ਨੌਜਵਾਨ ਪੀੜ੍ਹੀ ਭਾਵੇਂ ਪਰਮਜੀਤ ਸਿੰਘ ਨੂੰ ਨਿਜੀ ਤੌਰ ‘ਤੇ ਨਹੀਂ ਜਾਣਦੀ ਪਰ ਇਲਾਕੇ ਦੇ ਪਿੰਡਾਂ ਤੇ ਸਥਾਨਕ ਸ਼ਹਿਰ ਵਿੱਚ ਵਸੇ ਉਨ੍ਹਾਂ ਦੇ ਹਾਣੀ ਪਰਮਜੀਤ ਸਿੰਘ ਦੀ ਮੌਤ ਦੀ ਖ਼ਬਰ ਤੋਂ ਡਾਢੇ ਦੁਖੀ ਹਨ। ਪਰਮਜੀਤ ਸਿੰਘ ਦੀ ਮੌਤ ਨਾਲ ਦੇਸ਼ ਵਿਦੇਸ਼ ਵਿੱਚ ਇਲਾਕੇ ਦਾ ਨਾਂ ਰੋਸ਼ਨ ਕਰਨ ਵਾਲਾ ਖੁੱਸ ਗਿਆ।
ਦੂਜੇ ਪਾਇਲਟ ਸਨ ਪਰਮਜੀਤ ਸਿੰਘ
ਪਰਮਜੀਤ ਸਿੰਘ ਭਾਗੋਮਾਜਰਾ ਦੇ ਦੂਜੇ ਪਾਇਲਟ ਅਤੇ ਹਵਾਈ ਸੈਨਾ ਦੇ ਵੀ ਦੂਜੇ ਸਕੁਐਡਨ ਲੀਡਰ ਸਨ। ਉਨ੍ਹਾਂ ਦੋਂ ਪਹਿਲਾਂ ਭਾਗੋਮਾਜਰਾ ਨਿਵਾਸੀ ਜੀਵਾ ਸਿੰਘ ਵੀ ਭਾਰਤੀ ਹਵਾਈ ਸੈਨਾ ਵਿੱਚ ਸਕੁਐਡਨ ਲੀਡਰ ਤੇ ਪਾਇਲਟ ਰਹੇ ਹਨ। ਪਰਿਵਾਰਿਕ ਮੈਂਬਰਾਂ ਅਨੁਸਾਰ ਪਰਮਜੀਤ ਸਿੰਘ ਦਾ ਛੋਟਾ ਪੁੱਤਰ ਅਤੇ ਨੂੰਹ ਵੀ ਦੁਬਈ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਪਾਇਲਟ ਵਜੋਂ ਸੇਵਾ ਨਿਭਾਅ ਰਹੇ ਹਨ।