ਕੁਰਾਲੀ 29 ਸਤੰਬਰ (ਜਗਦੇਵ ਸਿੰਘ)
ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਜਿੱਥੇ ਪੰਚਾਇਤੀ ਚੋਣਾਂ ਜਿੱਤਣ ਦੇ ਲਈ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ। ਉੱਥੇ ਹੀ ਜਿਲਾ ਰੋਪੜ ਦੇ ਪਿੰਡ ਰੋੜ ਮਾਜਰਾ ਵਿਖੇ ਸਰਬ ਸੰਮਤੀ ਦੇ ਨਾਲ 7ਵੀਂ ਵਾਰ ਪੰਚਾਇਤ ਦੀ ਚੋਣ ਕੀਤੀ ਗਈ। ਪਿੰਡ ਦੇ ਇਸ ਉਪਰਾਲੇ ਦੀ ਹਲਕੇ ਦੇ ਵਿੱਚ ਖੂਬ ਪ੍ਰਸੰਸਾ ਕੀਤੀ ਜਾ ਰਹੀ ਹੈ।ਇਸ ਮੌਕੇ ਪਿੰਡ ਦੇ ਵਸਨੀਕ ਤੇ ਉੱਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇਆ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਨੂੰ ਮਜਬੂਤ ਰੱਖਦਿਆਂ ਬਿਨਾਂ ਕਿਸੇ ਖਰਚੇ ਅਤੇ ਲੜਾਈ ਝਗੜੇ ਤੋਂ ਪਿੰਡ ਦੇ ਵਿੱਚ ਪੰਚਾਇਤ ਦੀ ਚੋਣ ਕੀਤੀ ਗਈ ਜਿਸਦੇ ਵਿੱਚ ਬੀਬੀ ਮਨਜੀਤ ਕੌਰ ਬਾਜਵਾ ਨੂੰ ਸਰਪੰਚ ਚੁਣਿਆ ਗਿਆ।ਉਨਾਂ ਕਿਹਾ ਕਿ ਲੋਕਾਂ ਨੇ ਸਿਆਣਪ ਤੇ ਸੂਝਵਾਨਤਾ ਦਾ ਸਬੂਤ ਦਿੰਦਿਆ ਪਿੰਡ ਚ ਸਰਬ-ਸੰਮਤੀ ਨਾਲ ਪੰਚਾਇਤ ਚੁਣੀ ਹੈ।ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ ਉਨੀ ਘੱਟ ਹੈ। ਉਹਨਾਂ ਦੱਸਿਆ ਕਿ ਪੰਚਾਇਤ ਦੀ ਚੋਣ ਦੇ ਲਈ ਸਾਰੇ ਪਿੰਡ ਦਾ ਇਕੱਠ ਪਿੰਡ ਦੇ ਸਟੇਡੀਅਮ ਚ ਕੀਤਾ ਗਿਆ।ਜਿਸ ਵਿੱਚ ਪਿੰਡ ਦੇ ਸੂਝਵਾਨ ਵਿਅਕਤੀਆਂ ਵੱਲੋਂ ਆਪੋ ਆਪਣੇ ਸੁਝਾਅ ਪੇਸ਼ ਕੀਤੇ ਗਏ। ਪਿੰਡ ਵਾਸੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਬੀਬੀ ਮਨਜੀਤ ਕੌਰ ਬਾਜਵਾ ਨੂੰ ਸਰਪੰਚ ਅਤੇ ਸੁਰਿੰਦਰ ਸਿੰਘ, ਦਿਲਸ਼ੇਰ ਸਿੰਘ, ਕੁਲਜੀਤ ਸਿੰਘ, ਸਰਬਜੀਤ ਕੌਰ, ਜਸਪ੍ਰੀਤ ਕੌਰ ਨੂੰ ਪੰਚ ਚੁਣਿਆ ਗਿਆ।ਉਹਨਾਂ ਕਿਹਾ ਕਿ ਕਿ ਜੇਕਰ ਅਸੀਂ ਸਰਬ-ਸੰਮਤੀ ਨਾਲ ਸਰਪੰਚ ਤੇ ਪੰਚਾਇਤ ਚੁਣਦੇ ਹਾਂ ਤਾਂ ਜਿੱਥੇ ਸਾਡੀ ਭਾਈਚਾਰਕ ਸਾਂਝ ਬਰਕਰਾਰ ਰਹਿੰਦੀ ਹੈ, ਉੱਥੇ ਲੋਕਾਂ ਅਤੇ ਸਰਕਾਰ ਦਾ ਖਰਚਾ ਵੀ ਬਚਦਾ ਹੈ।ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵੀ ਸਰਬ-ਸੰਮਤੀ ਦੇ ਨਾਲ ਚੁਣੀ ਗਈ ਪੰਚਾਇਤ ਨੂੰ 5 ਲੱਖ ਰੁਪਏ ਦੇ ਫੰਡ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਦੀ ਹੈ। ਇਸ ਲਈ ਉਹਨਾਂ ਹੋਰਨਾਂ ਪਿੰਡਾਂ ਨੂੰ ਵੀ ਸਰਬ ਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਕਰਨ ਦੀ ਅਪੀਲ ਕੀਤੀ।ਇਸ ਮੌਕੇ ਨਵੇਂ ਸਰਪੰਚ ਚੁਣੇ ਗਈ ਮਨਜੀਤ ਕੌਰ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਪਿੰਡ ਦੇ ਵਿੱਚ ਵਿਕਾਸ ਕਾਰਜ ਚੱਲ ਰਹੇ ਸਨ ਉਸੇ ਤਰ੍ਹਾਂ ਭਵਿੱਖ ਦੇ ਵਿੱਚ ਵੀ ਬਿਨਾਂ ਕਿਸੇ ਭੇਦ ਭਾਵ ਤੋਂ ਉੱਚ ਪੱਧਰ ਉੱਤੇ ਵਿਕਾਸ ਕਾਰਜ ਕੀਤੇ ਜਾਣਗੇ। ਇਸ ਮੌਕੇ ਹਰਜਿੰਦਰ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ, ਮਨਮੋਹਨ ਸਿੰਘ, ਗੁਰਦੀਪ ਸਿੰਘ, ਹਰਭਜਨ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ, ਪਰਮਜੀਤ ਸਿੰਘ ਪੰਮਾ, ਗੱਜਣ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਸਤਪਾਲ ਕੌਰ, ਕੁਲਵੰਤ ਕੌਰ, ਗੁਰਦੇਵ ਸਿੰਘ ਅਟਵਾਲ, ਸਿੰਦਰਪਾਲ ਕੌਰ ਅਟਵਾਲ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ